ਮੇਜ਼ਬਾਨ ਦੇ ਖਿਤਾਬ ਨਾ ਜਿੱਤਣ ਸਕਣ ਦਾ ਕਲੰਕ ਧੋਣ ਉਤਰੇਗਾ ਵੈਸਟਇੰਡੀਜ਼
Monday, May 20, 2024 - 09:20 PM (IST)
ਐਂਟੀਗਾ, (ਭਾਸ਼ਾ)– ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ ਕੋਈ ਮੇਜ਼ਬਾਨ ਅੱਜ ਤਕ ਖਿਤਾਬ ਨਹੀਂ ਜਿੱਤ ਸਕਿਆ ਹੈ ਪਰ ਦੋ ਵਾਰ ਕਪਤਾਨ ਦੇ ਤੌਰ ’ਤੇ ਵੈਸਟਇੰਡੀਜ਼ ਨੂੰ ਟੀ-20 ਚੈਂਪੀਅਨ ਬਣਾਉਣ ਵਾਲਾ ਡੈਰੇਨ ਸੈਮੀ ਇਸ ਵਾਰ ਮੁੱਖ ਕੋਚ ਦੇ ਤੌਰ ’ਤੇ ਇਸ ਸਿਲਸਿਲੇ ਨੂੰ ਤੋੜਨਾ ਚਾਹੇਗਾ।
ਪਿਛਲੇ 8 ਸੈਸ਼ਨਾਂ ਵਿਚ ਕੋਈ ਮੇਜ਼ਬਾਨ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ। ਸੈਮੀ ਨੂੰ ਇਸ ਵਾਰ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਇਹ ਅੜਿੱਕਾ ਤੋੜਨ ਦੀ ਉਮੀਦ ਹੈ। ਸ਼੍ਰੀਲੰਕਾ 2012 ਵਿਚ ਕੋਲੰਬੋ ਵਿਚ ਫਾਈਨਲ ਵਿਚ ਵੈਸਇੰਡੀਜ਼ ਹੱਥੋਂ ਹਾਰ ਗਿਆ ਸੀ। ਜਿੱਤ ਲਈ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾਈ ਟੀਮ 101 ਦੌੜਾਂ ’ਤੇ ਢੇਰ ਹੋ ਗਈ ਸੀ। 4 ਸਾਲ ਬਾਅਦ ਵੈਸਟਇੰਡੀਜ਼ ਨੇ ਈਡਨ ਗਾਰਡਨਸ ’ਤੇ ਇੰਗਲੈਂਡ ਨੂੰ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ ਸੀ। ਉਸ ਸਮੇਂ ਬੇਨ ਸਟੋਕਸ ਦੇ ਆਖਰੀ ਓਵਰ ਵਿਚ ਕਾਰਲੋਸ ਬ੍ਰੈੱਥਵੇਟ ਨੇ ਚਾਰ ਲਗਾਤਾਰ ਛੱਕੇ ਲਾਏ ਸਨ।
ਸੈਮੀ ਨੂੰ ਪਿਛਲੇ ਸਾਲ ਵੈਸਟਇੰਡੀਜ਼ ਦਾ ਸੀਮਤ ਓਵਰਾਂ ਦਾ ਮੁੱਖ ਕੋਚ ਬਣਾਇਆ ਗਿਆ। ਉਸਦੇ ਨਾਲ ਖੇਡ ਚੁੱਕੇ ਜਾਨਸਨ ਚਾਰਲਸ ਤੇ ਆਂਦ੍ਰੇ ਰਸੇਲ ਹੀ ਇਸ ਟੀਮ ਵਿਚ ਹੈ। ਸੈਮੀ ਨੇ ਕੈਰੇਬੀਆਈ ਮੀਡੀਆ ਨੂੰ ਕਿਹਾ,‘‘ਸਾਨੂੰ ਪਤਾ ਹੈ ਕਿ ਜੇਤੂ ਟੀਮ ਕਿਵੇਂ ਚੁਣੀ ਜਾਂਦੀ ਹੈ। ਅਸੀਂ ਪਹਿਲਾਂ ਵੀ ਇਹ ਕਰ ਚੁੱਕੇ ਹਾਂ ਤੇ ਇਸ ਵਾਰ ਵੀ ਟੂਰਨਾਮੈਂਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਅਸੀਂ ਤਿਆਰੀ ਆਸਟ੍ਰੇਲੀਆ ਵਿਚ ਪਿਛਲੇ ਵਿਸ਼ਵ ਕੱਪ ਤੋਂ ਹੀ ਸ਼ੁਰੂ ਕਰ ਦਿੱਤੀ ਸੀ।’’
ਵੈਸਟਇੰਡੀਜ਼ ਦੀ ਟੀਮ ਯੂ. ਏ. ਈ. ਵਿਚ 2021 ਟੀ-20 ਵਿਸ਼ਵ ਕੱਪ ਵਿਚ ਗਰੁੱਪ ਗੇੜ ਵਿਚੋਂ ਹੀ ਬਾਹਰ ਹੋ ਗਈ ਸੀ। ਉੱਥੇ ਹੀ, ਆਸਟ੍ਰੇਲੀਆ ਵਿਚ 2022 ਵਿਚ ਹੋਏ ਟੂਰਨਾਮੈਂਟ ਵਿਚ ਵੀ ਨਿਕੋਲਸ ਪੂਰਨ ਦੀ ਕਪਤਾਨੀ ਵਾਲੀ ਟੀਮ ਮੁੱਖ ਡਰਾਅ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ।
ਪੂਰਨ ’ਤੇ ਇਸ ਵਾਰ ਕਪਤਾਨੀ ਦਾ ਦਬਾਅ ਨਹੀਂ ਹੈ ਤੇ ਉਹ ਮੱਧਕ੍ਰਮ ਵਿਚ ਟ੍ਰੰਪ ਕਾਰਡ ਸਾਬਤ ਹੋ ਸਕਦਾ ਹੈ। ਉਸ ਨੇ ਆਈ. ਪੀ. ਐੱਲ. ਵਿਚ ਲਖਨਊ ਸੁਪਰ ਜਾਇੰਟਸ ਲਈ 499 ਦੌੜਾਂ ਬਣਾਈਆਂ। ਮੇਜ਼ਬਾਨ ਨੂੰ ਸੁਨੀਲ ਨਾਰਾਇਣ ਦੀ ਕਮੀ ਮਹਿਸੂਸ ਹੋਵੇਗੀ, ਜਿਸ ਨੇ ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਕੋਲਕਾਤਾ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੈਮੀ ਉਸ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਫੈਸਲਾ ਵਾਪਸ ਲੈਣ ਲਈ ਮਨਾ ਨਹੀਂ ਸਕਿਆ।
ਵੈਸਟਇੰਡੀਜ਼ ਨੂੰ ਪਾਪੂਆ ਨਿਊ ਗਿੰਨੀ ਤੇ ਯੁਗਾਂਡਾ ਵਿਰੁੱਧ ਗਰੁੱਪ-ਸੀ ਦੇ ਪਹਿਲੇ 2 ਮੈਚ 2 ਤੇ 4 ਜੂਨ ਨੂੰ ਖੇਡਣੇ ਹਨ। ਇਸ ਤੋਂ ਬਾਅਦ ਨਿਊਜ਼ੀਲੈਂਡ ਨਾਲ 13 ਜੂਨ ਤੇ ਅਫਗਾਨਿਸਤਾਨ ਨਾਲ 18 ਜੂਨ ਨੂੰ ਮੈਚ ਹੋਵੇਗਾ। ਹਰ ਗਰੁੱਪ ’ਚੋਂ ਟਾਪ-2 ਟੀਮਾਂ ਸੁਪਰ-8 ਵਿਚ ਪਹੁੰਚਣਗੀਆਂ।