ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਲੜੀ ਜਿੱਤੀ
Sunday, Mar 14, 2021 - 02:23 PM (IST)
ਨਾਰਥ ਪੁਆਇੰਟ(ਏ. ਪੀ.)- ਐਵਿਨ ਲੂਈਸ ਤੇ ਸ਼ਾਈ ਹੋਪ ਵਿਚਾਲੇ ਪਹਿਲੀ ਵਿਕਟ ਦੀ 192 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਲੂਈਸ ਨੇ 103 ਤੇ ਹੋਪ ਨੇ 84 ਦੌੜਾਂ ਦੀ ਸਾਂਝੇਦਾਰੀ ਕਰਕੇ ਵੈਸਟਇੰਡੀਜ਼ ਨੂੰ ਦੋ ਗੇਂਦਾਂ ਬਾਕੀ ਰਹਿੰਦਿਆਂ ਟੀਚੇ ਤਕ ਪਹੁੰਚਾਇਆ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ 8 ਵਿਕਟਾਂ ’ਤੇ 273 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਦੇ ਮੱਧਕ੍ਰਮ ਦੇ ਬੱਲੇਬਾਜ਼ ਲੜਖੜਾ ਗਏ ਤੇ ਕਪਤਾਨ ਕੀਰੋਨ ਪੋਲਾਰਡ 46ਵੇਂ ਓਵਰ ਵਿਚ ਆਊਟ ਹੋ ਗਿਆ, ਜਿਸ ਨਾਲ ਟੀਮ ਦਬਾਅ ਵਿਚ ਆ ਗਈ। ਨਿਕੋਲਸ ਪੂਰਨ ਨੇ ਹਾਲਾਂਕਿ 38 ਗੇਂਦਾਂ ਵਿਚ ਅਜੇਤੂ 35 ਦੌੜਾਂ ਬਣਾ ਕੇ ਆਖਰੀ ਓਵਰ ਵਿਚ ਟੀਮ ਨੂੰ ਜਿੱਤ ਤਕ ਪਹੁੰਚਾਇਆ। ਸ਼੍ਰੀਲੰਕਾ ਵਿਰੁੱਧ ਵੈਸਟਇੰਡੀਜ਼ ਦੀ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਸਭ ਤੋਂ ਵੱਡੀ ਜਿੱਤ ਹੈ।
ਵੈਸਟਇੰਡੀਜ਼ ਨੂੰ ਆਖਰੀ 18 ਗੇਂਦਾਂ ਵਿਚ 31 ਦੌੜਾਂ ਦੀ ਲੋੜ ਸੀ। ਫੇਬੀਅਨ ਐਲਨ ਨੇ ਨੁਵਾਨ ਪ੍ਰਦੀਪ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਿਆ ਪਰ ਅਗਲੀ ਗੇਂਦ ’ਤੇ ਆਊਟ ਹੋ ਗਿਆ। ਪੂਰਨ ਨੇ ਅਗਲੀ ਗੇਂਦ ’ਤੇ ਚੌਕਾ ਲਾ ਕੇ ਦਬਾਅ ਘੱਟ ਕੀਤਾ। ਆਖਰੀ ਦੋ ਓਵਰਾਂ ਵਿਚ ਵੈਸਟਇੰਡੀਜ਼ ਨੂੰ 13 ਦੌੜਾਂ ਦੀ ਲੋੜ ਸੀ। ਦੁਸ਼ਮੰਤਾ ਚਾਮੀਰਾ ਨੇ 49ਵੇਂ ਓਵਰ ਵਿਚ ਬੇਹੱਦ ਕਿਫਾਇਤੀ ਗੇਂਦਬਾਜ਼ੀ ਕੀਤੀ ਜਿਸ ਨਾਲ ਆਖਰੀ ਓਵਰ ਵਿਚ ਟੀਚਾ 9 ਦੌੜਾਂ ਦਾ ਰਹਿ ਗਿਆ ਸੀ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 9ਵੇਂ ਓਵਰ ਵਿਚ ਤਿੰਨ ਵਿਕਟਾਂ 50 ਦੌੜਾਂ ’ਤੇ ਗੁਆ ਦਿੱਤੀਆਂ। ਦੁਸ਼ਮੰਤਾ ਗੁਣਾਥਿਲਕਾ ਨੇ 96 ਗੇਂਦਾਂ ’ਤੇ 96 ਦੌੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਉਸ ਨੇ ਚੌਥੀ ਵਿਕਟ ਲਈ ਦਿਨੇਸ਼ ਚਾਂਦੀਮਲ ਦੇ ਨਾਲ 100 ਦੌੜਾਂ ਦੀ ਸਾਂਝੇਦਾਰੀ ਕੀਤੀ। ਚਾਂਦੀਮਲ ਨੇ 71 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਵਿਨਾਂਦੂ ਹਸਰੰਗਾ ਨੇ 31 ਗੇਂਦਾਂ ਵਿਚ 47 ਦੌੜਾਂ ਬਣਾਈਆਂ।