ਵੇਟਲਿਫਟਿੰਗ ਰਾਸ਼ਟਰੀ ਚੈਂਪੀਅਨਸ਼ਿਪ : ਗਿਆਨੇਸ਼ਵਰੀ ਨੂੰ ਸੋਨ ਤਮਗਾ, ਕੋਇਲ ਨੇ 5 ਰਾਸ਼ਟਰੀ ਰਿਕਾਰਡ ਤੋੜੇ

Saturday, Feb 07, 2026 - 11:05 AM (IST)

ਵੇਟਲਿਫਟਿੰਗ ਰਾਸ਼ਟਰੀ ਚੈਂਪੀਅਨਸ਼ਿਪ : ਗਿਆਨੇਸ਼ਵਰੀ ਨੂੰ ਸੋਨ ਤਮਗਾ, ਕੋਇਲ ਨੇ 5 ਰਾਸ਼ਟਰੀ ਰਿਕਾਰਡ ਤੋੜੇ

ਮੋਦੀਨਗਰ– ਗਿਆਨੇਸ਼ਵਰੀ ਯਾਦਵ ਨੇ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਸ਼ੁੱਕਰਵਾਰ ਨੂੰ ਇੱਥੇ 53 ਕਿ. ਗ੍ਰਾ. ਵਰਗ ’ਚ ਸੋਨ ਤਮਗਾ ਜਿੱਤਿਆ ਜਦਕਿ ਕੋਇਲ ਬੋਰ ਨੇ ਯੂਥ ਤੇ ਜੂਨੀਅਰ ਵਰਗਾਂ ’ਚ 5 ਰਾਸ਼ਟਰੀ ਰਿਕਾਰਡ ਤੋੜੇ। ਅਖਿਲ ਭਾਰਤੀ ਪੁਲਸ ਦੀ ਨੁਮਾਇੰਦਗੀ ਕਰਨ ਵਾਲੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਗਿਆਨੇਸ਼ਵਰੀ ਨੇ ਕੁੱਲ 186 ਕਿ. ਗ੍ਰਾ. (83 ਕਿ. ਗ੍ਰਾ.+ 103 ਕਿ. ਗ੍ਰਾ.) ਭਾਰ ਚੁੱਕ ਕੇ ਸੀਨੀਅਰ ਵਰਗ ’ਚ ਸੋਨ ਤਮਗਾ ਆਪਣੇ ਨਾਂ ਕੀਤਾ।

ਪੱਛਮੀ ਬੰਗਾਲ ਦੀ ਕੋਇਲ ਨੇ ਕੁੱਲ 185 ਕਿ. ਗ੍ਰਾ. (83 ਕਿ. ਗ੍ਰਾ. +102 ਕਿ. ਗ੍ਰਾ.) ਭਾਰ ਚੁੱਕ ਕੇ ਗਿਆਨੇਸ਼ਵਰੀ ਤੋਂ 1 ਕਿ. ਗ੍ਰਾ. ਘੱਟ ਭਾਰ ਚੁੱਕਿਆ ਤੇ ਯੂਥ ਵਰਗ ’ਚ 3 ਨਵੇਂ ਰਾਸ਼ਟਰੀ ਰਿਕਾਰਡ ਤੋੜੇ। ਉਸ ਨੇ ਸਨੈਚ ’ਚ 78 ਕਿ. ਗ੍ਰਾ., ਕਲੀਨ ਐਂਡ ਜਰਕ ’ਚ 99 ਕਿ. ਗ੍ਰਾ. ਤੇ ਕੁੱਲ ਭਾਰ ’ਚ 175 ਕਿ. ਗ੍ਰਾ. ਦੇ ਪਿਛਲੇ ਰਿਕਾਰਡ ਨੂੰ ਪਾਰ ਕੀਤਾ। ਉਸ ਨੇ ਜੂਨੀਅਰ ਵਰਗ ’ਚ ਵੀ 2 ਰਾਸ਼ਟਰੀ ਰਿਕਾਰਡ ਬਣਾਏ। ਇਸ ’ਚ ਸਨੈਚ ’ਚ 81 ਕਿ. ਗ੍ਰਾ. ਤੇ ਕੁੱਲ ਭਾਰ ’ਚ 181 ਕਿ. ਗ੍ਰਾ. ਦਾ ਰਿਕਾਰਡ ਤੋੜਨਾ ਸ਼ਾਮਲ ਹੈ। ਰੇਲਵੇ ਖੇਡ ਪ੍ਰਬੰਧਨ ਬੋਰਡ ਦੀ ਵੀਰਜੀਤ ਕੌਰ ਨੇ ਕੁੱਲ 182 ਕਿ. ਗ੍ਰਾ. (81 ਕਿ. ਗ੍ਰਾ.+101 ਕਿ. ਗ੍ਰਾ.) ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ।


author

Tarsem Singh

Content Editor

Related News