ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਭਾਰਤ ਨੇ ਜਿੱਤੇ ਦੋ ਸੋਨ ਤਮਗੇ
Sunday, Apr 12, 2026 - 05:03 PM (IST)
ਸਪੋਰਟਸ ਡੈਸਕ- ਵਿਸ਼ਵ ਅੰਡਰ-23 ਚੈਂਪੀਅਨ ਸੁਜੀਤ ਅਤੇ ਅਭਿਮੰਨਿਊ ਨੇ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਆਪੋ-ਆਪਣੇ ਪੁਰਸ਼ ਫਰੀਸਟਾਈਲ ਫਾਈਨਲ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕਰ ਕੇ ਭਾਰਤ ਨੂੰ ਦੋ ਸੋਨ ਤਗ਼ਮੇ ਦਿਵਾਏ ਹਨ। ਇਸ ਸਾਲ ਹੁਣ ਤੱਕ ਜੇਤੂ ਰਹਿਣ ਵਾਲੇ ਸੁਜੀਤ ਨੇ ਉਜ਼ਬੇਕਿਸਤਾਨ ਦੇ ਉਮੀਦਜੋਨ ਜਾਲੋਲੋਵ ਵਿਰੁੱਧ ਪੁਰਸ਼ਾਂ ਦੇ 65 ਕਿਲੋ ਫਰੀਸਟਾਈਲ ਫਾਈਨਲ ’ਚ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ 8-1 ਨਾਲ ਜਿੱਤ ਦਰਜ ਕੀਤੀ। ਬਜਰੰਗ ਪੂਨੀਆ ਦੀ 2019 ਦੀ ਜਿੱਤ ਤੋਂ ਬਾਅਦ ਇਸ ਭਾਰ ਵਰਗ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਬਣ ਗਿਆ ਹੈ।
ਇਸੇ ਤਰ੍ਹਾਂ ਅਭਿਮੰਨਿਊ ਨੇ ਪੁਰਸ਼ਾਂ ਦੇ 70 ਕਿਲੋ ਫਰੀਸਟਾਈਲ ਫਾਈਨਲ ਵਿੱਚ ਮੰਗੋਲੀਆ ਦੇ ਤੁਲਗਾ ਤੁਮੂਰ ਓਚਿਰ ਨੂੰ 5-3 ਨਾਲ ਹਰਾ ਕੇ ਭਾਰਤ ਲਈ ਦੂਜਾ ਸੋਨ ਤਗ਼ਮਾ ਜਿੱਤਿਆ। ਸੰਦੀਪ ਮਾਨ ਕੋਲ ਭਾਰਤ ਲਈ ਸੋਨ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰਨ ਦਾ ਮੌਕਾ ਸੀ, ਪਰ ਪੁਰਸ਼ਾਂ ਦੇ 79 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਉਹ 1-2 ਨਾਲ ਹਾਰ ਗਿਆ।
ਇਸ ਤੋਂ ਪਹਿਲਾਂ ਅੰਕੁਸ਼ ਨੇ ਪੁਰਸ਼ਾਂ ਦੇ 57 ਕਿਲੋ ਫਰੀਸਟਾਈਲ ਵਿੱਚ ਜਪਾਨ ਦੇ ਫੂਗਾ ਸਾਸਾਕੀ ਨੂੰ 8-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਦੋ ਸੋਨੇ, ਚਾਰ ਚਾਂਦੀ ਅਤੇ ਅੱਠ ਕਾਂਸੀ ਦੇ ਤਗ਼ਮੇ ਜਿੱਤੇ ਹਨ। ਮੁਕਾਬਲੇ ਦੇ ਆਖਰੀ ਦਿਨ ਭਾਰਤ ਕੋਲ ਦੋ ਹੋਰ ਸੋਨ ਤਗ਼ਮੇ ਜਿੱਤਣ ਦਾ ਮੌਕਾ ਹੋਵੇਗਾ।
