ਆਗਾਮੀ ਮੁਕਾਬਲਿਆਂ ਤੋਂ ਪਹਿਲਾਂ ਗ਼ਲਤੀਆਂ ਸੁਧਾਰਨ ''ਤੇ ਕਰਾਂਗੇ ਕੰਮ  : ਹਰਮਨਪ੍ਰੀਤ

Tuesday, Nov 01, 2022 - 08:24 PM (IST)

ਭੁਵਨੇਸ਼ਵਰ : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇੱਥੇ ਐੱਫਆਈਐੱਚ ਪੁਰਸ਼ ਪ੍ਰੋ ਲੀਗ ਵਿਚ ਹੇਠਲੀ ਰੈਂਕਿੰਗ ਦੀ ਟੀਮ ਸਪੇਨ ਹੱਥੋਂ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਵੱਧ ਤੋਂ ਵੱਧ ਮੌਕਿਆਂ ਨੂੰ ਗੋਲ ਵਿਚ ਬਦਲ ਕੇ ਚੰਗੇ ਨਤੀਜੇ ਹਾਸਲ ਕਰਨੇ ਪੈਣਗੇ। ਭਾਰਤ ਨੂੰ ਐਤਵਾਰ ਨੂੰ ਇੱਥੇ ਸਪੇਨ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਮੌਜੂਦਾ ਗੇੜ ਵਿਚ ਉਸ ਦੀ ਪਹਿਲੀ ਹਾਰ ਹੈ। 

ਇਸ ਤੋਂ ਬਾਅਦ ਪੈਨਲਟੀ ਕਾਰਨਰ ਰਾਹੀਂ ਮਿਲੇ ਮੌਕਿਆਂ ਦਾ ਫ਼ਾਇਦਾ ਉਠਾਉਣ ਨੂੰ ਲੈ ਕੇ ਮੁੜ ਚਰਚਾ ਸ਼ੁਰੂ ਹੋ ਗਈ। ਭਾਰਤ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਨਿਊਜ਼ੀਲੈਂਡ 'ਤੇ 4-3 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ। ਦੁਨੀਆ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ ਨੇ ਅੱਠਵੀਂ ਰੈਂਕਿੰਗ ਦੀ ਸਪੇਨ ਖ਼ਿਲਾਫ਼ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਟੀਮ ਇਕ ਨੂੰ ਹੀ ਗੋਲ ਵਿਚ ਬਦਲ ਸਕੀ ਜੋ ਹਰਮਨਪ੍ਰੀਤ ਨੇ 27ਵੇਂ ਮਿੰਟ ਵਿਚ ਕੀਤਾ।

ਇਹ ਵੀ ਪੜ੍ਹੋ : T20 WC 2022 : ਐਡੀਲੇਡ 'ਚ ਭਾਰੀ ਮੀਂਹ, ਭਾਰਤ-ਬੰਗਲਾਦੇਸ਼ ਮੈਚ ਰੱਦ ਹੋਣ ਦੀ ਸੰਭਾਵਨਾ

ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਕਾਫੀ ਮੌਕੇ ਬਣਾ ਰਹੇ ਸੀ। ਸਾਨੂੰ ਕਾਫੀ ਪੈਨਲਟੀ ਕਾਰਨਰ ਵੀ ਮਿਲੇ। ਅਸੀਂ ਕਾਫੀ ਤਜਰਬੇ ਕਰ ਰਹੇ ਸੀ ਪਰ ਕਦੀ-ਕਦੀ ਇਹ ਕੰਮ ਨਹੀਂ ਕਰਦੇ। ਅਸੀਂ ਅਗਲੇ ਹਫ਼ਤੇ ਦੋ ਹੋਰ ਮੈਚ ਖੇਡਣੇ ਹਨ ਇਸ ਲਈ ਉਮੀਦ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਮੌਕਿਆਂ ਨੂੰ ਗੋਲ ਵਿਚ ਬਦਲਣ ਦੀ ਕੋਸ਼ਿਸ਼ ਕਰਾਂਗੇ। 

ਟੀਮ ਲਈ ਇਕ ਮੈਦਾਨੀ ਗੋਲ ਅਭਿਸ਼ੇਕ ਨੇ 55ਵੇਂ ਮਿੰਟ ਵਿਚ ਕੀਤਾ। ਭਾਰਤੀ ਟੀਮ ਹੁਣ 'ਰਿਵਰਸ ਗੇੜ' ਦੇ ਮੁਕਾਬਲਿਆਂ ਵਿਚ ਚਾਰ ਨਵੰਬਰ ਨੂੰ ਨਿਊਜ਼ੀਲੈਂਡ ਤੇ ਛੇ ਨਵੰਬਰ ਨੂੰ ਸਪੇਨ ਨਾਲ ਭਿੜੇਗੀ। ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਪੂਰੇ ਦਬਦਬੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਅਸੀਂ ਵੱਧ ਮੌਕੇ ਬਣਾ ਸਕਦੇ ਹਾਂ। ਅਸੀਂ ਕਾਫੀ ਪਾਸ ਦੇ ਰਹੇ ਸੀ ਤੇ ਵਿਰੋਧੀ ਦੇ ਸਰਕਲ ਵਿਚ ਪ੍ਰਵੇਸ਼ ਕਰ ਰਹੇ ਸੀ ਪਰ ਅਸੀਂ ਆਪਣੀ ਫਿਨਿਸ਼ਿੰਗ ਵਿਚ ਸੁਧਾਰ ਕਰ ਸਕਦੇ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News