ਅਸੀਂ ਮਜ਼ਬੂਤ ਗੇਂਦਬਾਜ਼ਾਂ ਦੇ ਬਦਲਾਂ ਨਾਲ ਆਪਣੀ ਟੀਮ ਬਣਾਉਣਾ ਚਾਹੁੰਦੇ ਹਾਂ : ਰੋਹਿਤ

Monday, Sep 23, 2024 - 01:17 PM (IST)

ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਮੈਚ ਵਿਚ 280 ਦੌੜਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਐਤਵਾਰ ਨੂੰ ਇੱਥੇ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਹ ‘ਮਜ਼ਬੂਤ ਗੇਂਦਬਾਜ਼ੀ ਬਦਲਾਂ’ ਨਾਲ ਆਪਣੀ ਟੀਮ ਨੂੰ ਤਿਆਰ ਕਰਨ ’ਤੇ ਧਿਆਨ ਦੇ ਰਹੇ ਹਨ।

ਰੋਹਿਤ ਨੇ ਮੈਚ ਤੋਂ ਬਾਅਦ ਕਿਹਾ, ‘‘ਅਸੀਂ ਆਪਣੀ ਟੀਮ ਨੂੰ ਮਜ਼ਬੂਤ ਗੇਂਦਬਾਜ਼ੀ ਬਦਲਾਂ ਦੇ ਆਲੇ-ਦੁਆਲੇ ਬਣਾਉਣਾ ਚਾਹੁੰਦਾ ਹਾਂ, ਸਾਨੂੰ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ।’’ ਉਸ ਨੇ ਕਿਹਾ,‘‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਹਾਲਾਤ ਕਿਹੋ ਜਿਹੇ ਹਨ, ਭਾਵੇਂ ਅਸੀਂ ਭਾਰਤ ਵਿਚ ਖੇਡੀਏ, ਭਾਵੇਂ ਅਸੀਂ ਬਾਹਰ, ਅਸੀਂ ਉਸਦੇ ਅਨੁਸਾਰ ਟੀਮ ਬਣਾਉਣਾ ਚਾਹੁੰਦੇ ਹਾਂ।’’

ਭਾਰਤੀ ਕਪਤਾਨ ਨੇ ਕਿਹਾ,‘‘ਪਿਛਲੇ ਕੁਝ ਸਾਲਾਂ ਵਿਚ ਅਸੀਂ ਜਿੱਥੇ ਵੀ ਖੇਡੇ ਹਾਂ, ਅਸੀਂ ਆਪਣੇ ਬਦਲਾਂ ਦਾ ਚੰਗਾ ਇਸਤੇਮਾਲ ਕਰਨ ਵਿਚ ਕਾਮਯਾਬ ਰਹੇ ਹਾਂ। ਅਸੀਂ ਤੇਜ਼ ਗੇਂਦਬਾਜ਼ੀ ਜਾਂ ਸਪਿਨ ਦੋਵਾਂ ਬਦਲਾਂ ਨੂੰ ਇਸਤੇਮਾਲ ਕਰਨ ਵਿਚ ਸਫਲ ਰਹੇ ਹਾਂ।’’

ਉਸ ਨੇ ਕਿਹਾ, ‘‘ਆਉਣ ਵਾਲੇ ਮੈਚਾਂ ਨੂੰ ਦੇਖਦੇ ਹੋਏ ਸਾਡੇ ਲਈ ਇਹ ਇਕ ਸ਼ਾਨਦਾਰ ਨਤੀਜਾ ਹੈ। ਅਸੀਂ ਲੰਬੇ ਸਮੇਂ ਬਾਅਦ ਟੈਸਟ ਖੇਡ ਰਹੇ ਹਾਂ। ਅਸੀਂ ਇੱਥੇ ਇਕ ਹਫਤਾ ਪਹਿਲਾਂ ਆਏ ਸੀ ਤੇ ਅਸੀਂ ਚੰਗੀ ਤਿਆਰੀ ਕੀਤੀ। ਸਾਨੂੰ ਉਹ ਨਤੀਜਾ ਮਿਲਿਆ, ਜਿਹੜਾ ਅਸੀਂ ਚਾਹੁੰਦੇ ਸੀ।’’

ਭਾਰਤੀ ਕਪਤਾਨ ਨੂੰ ਸਭ ਤੋਂ ਵੱਧ ਖੁਸ਼ੀ ਪੰਤ ਦੀ ਇਸ ਸਵਰੂਪ ਵਿਚ ਯਾਦਗਾਰ ਵਾਪਸੀ ਤੋਂ ਹੈ। ਉਸ ਨੇ ਕਿਹਾ, ‘‘ਉਹ ਸੱਚਮੁੱਚ ਬਹੁਤ ਮੁਸ਼ਕਿਲ ਸਮੇਂ ਵਿਚੋਂ ਲੰਘਿਆ ਹੈ। ਜਿਸ ਤਰ੍ਹਾਂ ਉਸ ਨੇ ਮੁਸ਼ਕਿਲ ਸਮੇਂ ਦਾ ਸਾਹਮਣਾ ਕੀਤਾ ਤੇ ਖੁਦ ਨੂੰ ਸੰਭਾਲਿਆ, ਉਹ ਦੇਖਣਾ ਸ਼ਾਨਦਾਰ ਸੀ। ਉਸ ਨੇ ਆਈ. ਪੀ. ਐੱਲ. ਵਿਚ ਵਾਪਸੀ ਕੀਤੀ। ਉਸ ਤੋਂ ਬਾਅਦ ਟੀ-20 ਵਿਸ਼ਵ ਕੱਪ ਵਿਚ ਬੇਹੱਦ ਸਫਲ ਰਿਹਾ ਪਰ ਉਸ ਨੂੰ ਟੈਸਟ ਸਵਰੂਪ ਸਭ ਤੋਂ ਵੱਧ ਪਸੰਦ ਹੈ।’’


Tarsem Singh

Content Editor

Related News