ਅਸੀਂ ਆਪਣੇ ਸਾਰੇ ਸਮਰਥਕਾਂ ਨੂੰ ਨਿਰਾਸ਼ ਕੀਤਾ, ਮੈਂ ਟੀਮ ਦੀ ਤਰਫੋਂ ਮੁਆਫੀ ਮੰਗਦਾ ਹਾਂ: ਸ਼ਾਂਤੋ
Tuesday, Jun 25, 2024 - 05:35 PM (IST)
ਕਿੰਗਸਟਾਊਨ- ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟੀ-20 ਵਿਸ਼ਵ ਕੱਪ ਵਿਚ ਆਪਣੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਅਤੇ ਨਿਰਾਸ਼ਾਜਨਕ ਮੁਹਿੰਮ ਲਈ ਬੱਲੇਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਆਸਟ੍ਰੇਲੀਆ 'ਤੇ ਭਾਰਤ ਦੀ ਜਿੱਤ ਤੋਂ ਬਾਅਦ ਬੰਗਲਾਦੇਸ਼ ਕੋਲ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦਾ ਮੌਕਾ ਸੀ ਪਰ ਸੁਪਰ 8 ਦੇ ਆਪਣੇ ਆਖਰੀ ਮੈਚ 'ਚ ਅਫਗਾਨਿਸਤਾਨ ਤੋਂ ਹਾਰ ਗਿਆ।
ਸ਼ਾਂਤੋ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇੱਕ ਟੀਮ ਦੇ ਰੂਪ ਵਿੱਚ ਅਸੀਂ ਬੰਗਲਾਦੇਸ਼ ਦੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ। ਇਸ ਲਈ ਮੈਂ ਟੀਮ ਦੀ ਤਰਫੋਂ ਮੁਆਫੀ ਮੰਗਦਾ ਹਾਂ। ਇਕ ਬੱਲੇਬਾਜ਼ੀ ਇਕਾਈ ਦੇ ਤੌਰ 'ਤੇ ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੇ।'' ਉਨ੍ਹਾਂ ਨੇ ਕਿਹਾ, “ਸਾਨੂੰ ਇਸ ਲਈ ਅਫ਼ਸੋਸ ਹੈ। ਅਸੀਂ ਭਵਿੱਖ ਵਿੱਚ ਅਜਿਹੇ ਹਾਲਾਤ ਵਿੱਚ ਚੰਗਾ ਖੇਡਣ ਦੀ ਕੋਸ਼ਿਸ਼ ਕਰਾਂਗੇ।
ਬੰਗਲਾਦੇਸ਼ ਦੀ ਟੀਮ ਨੇ ਸੁਪਰ 8 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਸ਼ਾਂਤੋ ਨੇ ਕਿਹਾ ਕਿ ਉਨ੍ਹਾਂ ਲਈ ਕੁਝ ਸਕਾਰਾਤਮਕ ਪਹਿਲੂ ਵੀ ਸਨ। ਉਨ੍ਹਾਂ ਨੇ ਕਿਹਾ, “ਸਾਡੇ ਲਈ ਸਕਾਰਾਤਮਕ ਪਹਿਲੂ ਇਹ ਸੀ ਕਿ ਸਾਡੇ ਗੇਂਦਬਾਜ਼ਾਂ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ। ਰਿਸ਼ਾਦ ਹੁਸੈਨ ਨੇ ਇੰਨੇ ਵੱਡੇ ਟੂਰਨਾਮੈਂਟ 'ਚ ਲਗਭਗ ਹਰ ਮੈਚ 'ਚ ਚੰਗੀ ਗੇਂਦਬਾਜ਼ੀ ਕੀਤੀ। ਸਾਡੇ ਲਈ ਕਈ ਚੀਜ਼ਾਂ ਸਕਾਰਾਤਮਕ ਰਹੀਆਂ ਪਰ ਇੱਕ ਬੱਲੇਬਾਜ਼ੀ ਇਕਾਈ ਵਜੋਂ ਅਸੀਂ ਪ੍ਰਸ਼ੰਸਕਾਂ ਅਤੇ ਆਪਣੇ ਦੇਸ਼ ਵਾਸੀਆਂ ਨੂੰ ਨਿਰਾਸ਼ ਕੀਤਾ।