ਅਸੀਂ ਟੋਕੀਓ ਵਿਚ ਇਤਿਹਾਸ ਰਚ ਸਕਦੇ ਹਾਂ : ਸਵਿਤਾ

07/18/2020 9:55:21 PM

ਨਵੀਂ ਦਿੱਲੀ– ਭਾਰਤੀ ਮਹਿਲਾ ਹਾਕੀ ਟੀਮ ਦੀ ਤਜਰਬੇਕਾਰ ਗੋਲੀਕਪਰ ਸਵਿਤਾ ਦਾ ਕਹਿਣਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਟੀਮ ਇਤਿਹਾਸ ਰਚ ਸਕਦੀ ਹੈ। ਓਲੰਪਿਕ ਦਾ ਆਯੋਜਨ ਇਸ ਸਾਲ 24 ਜੁਲਾਈ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਟੂਰਨਾਮੈਂਟ ਨੂੰ ਅਗਲੇ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਓਲੰਪਿਕ ਖੇਡਾਂ ਦਾ ਆਯੋਜਨ ਅਗਲੇ ਸਾਲ 23 ਜੁਲਾਈ ਨੂੰ ਹੋਵੇਗਾ।
ਗੋਲਕੀਪਰ ਨੇ ਕਿਹਾ,''ਸਾਡੀ ਟੀਮ ਵਿਚ ਤਜਰਬੇਕਾਰ ਤੇ ਨੌਜਵਾਨ ਖਿਡਾਰਨਾਂ ਦਾ ਚੰਗਾ ਤਾਲਮੇਲ ਹੈ। ਅਸੀਂ ਹਾਲ ਹੀ ਵਿਚ ਵੱਡੀਆਂ ਟੀਮਾਂ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਇਸ ਨਾਲ ਸਾਡਾ ਆਪਣੇ ਉੱਪਰ ਭਰੋਸਾ ਵਧਿਆ ਹੈ। ਜੇਕਰ ਅਸੀਂ ਆਪਣੀ ਲੈਅ ਵਿਚ ਖੇਡੇ ਤਾਂ ਅਗਲੇ ਸਾਲ ਜ਼ਰੂਰ ਤਮਗਾ ਜਿੱਤਾਂਗੇ।'' ਸਵਿਤਾ ਤੋਂ ਪਹਿਲਾਂ ਭਾਰਤੀ ਪੁਰਸ਼ ਟੀਮ ਦੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਸੀ ਕਿ ਟੀਮ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਤਮਗਾ ਹਾਸਲ ਕਰ ਸਕਦੀ ਹੈ ਤੇ ਹਾਕੀ ਵਿਚ 40 ਸਾਲ ਦਾ ਤਮਗਾ ਸੋਕਾ ਖਤਮ ਕਰ ਸਕਦੀ ਹੈ।
ਸਵਿਤਾ ਨੇ ਕਿਹਾ,''ਕਿਸੇ ਵੀ ਖਿਡਾਰੀ ਲਈ ਓਲੰਪਿਕ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਟੀਮ ਵਿਚ ਸਾਡਾ ਸਾਰਿਆਂ ਦਾ ਸੁਪਨਾ ਓਲੰਪਿਕ ਵਿਚ ਸਿਰਫ ਤੇ ਸਿਰਫ ਹਿੱਸਾ ਲੈਣਾ ਨਹੀਂ ਸਗੋਂ ਦੇਸ਼ ਲਈ ਤਮਗਾ ਜਿੱਤਣਾ ਵੀ ਹੈ। 2016 ਰੀਓ ਓਲੰਪਿਕ ਵਿਚ ਹਿੱਸਾ ਲੈਣਾ ਮੇਰੇ ਲਈ ਕਾਫੀ ਸੁਖਦਾਇਕ ਹੈ।'' ਭਾਰਤੀ ਮਹਿਲਾ ਟੀਮ ਓਲੰਪਿਕ ਵਿਚ ਆਪਣੀ ਮੁਹਿੰਮ ਦੀ ਸ਼ੁਰੁਆਤ 24 ਜੁਲਾਈ 2021 ਵਿਚ ਹਾਲੈਂਡ ਵਿਰੁੱਧ ਮੁਕਾਬਲੇ ਨਾਲ ਕਰੇਗੀ। ਭਾਰਤੀ ਟੀਮ ਨੂੰ ਪੂਲ-ਏ ਵਿਚ ਹਾਲੈਂਡ, ਜਰਮਨੀ, ਬ੍ਰਿਟੇਨ, ਆਇਰਲੈਂਡ ਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ ਜਦਕਿ ਪੂਲ-ਬੀ ਵਿਚ ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਤੇ ਸਪੇਨ, ਚੀਨ ਤੇ ਮੇਜ਼ਬਾਨ ਜਾਪਾਨ ਹਨ।


Gurdeep Singh

Content Editor

Related News