WC 2019 : ਭਾਰਤੀ ਟੀਮ ਨੂੰ ਲੱਗ ਸਕਦੈ ਇਕ ਹੋਰ ਵੱਡਾ ਝਟਕਾ, ਜ਼ਖਮੀ ਹੋਇਆ ਇਹ ਖਿਡਾਰੀ
Thursday, May 09, 2019 - 12:40 PM (IST)

ਨਵੀਂ ਦਿੱਲੀ : ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀੱਮ ਦੀ ਫਿੱਟਨੈਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ। ਕੁਝ ਦਿਨਾ ਪਹਿਲਾਂ ਹੀ ਕੇਦਾਰ ਜਾਧਵ ਸੱਟ ਕਾਰਨ ਆਈ. ਪੀ. ਐੱਲ. ਤੋਂ ਬਾਹਰ ਹੋਏ ਹਨ ਅਤੇ ਉਸਦੇ ਵਿਸ਼ਵ ਕੱਪ ਖੇਡਣ 'ਤੇ ਵੀ ਸ਼ੱਕ ਹੈ। ਅਜਿਹੇ 'ਚ ਭਾਰਤੀ ਟੀਮ ਲਈ ਇਕ ਹੋਰ ਵੱਡੀ ਬੁਰੀ ਖਬਰ ਆਈ ਹੈ। ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਪੈਰ 'ਤੇ ਸੱਟ ਲੱਗ ਗਈ ਹੈ। ਦੱਸ ਦਈਏ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਭਾਰਤੀ ਟੀਮ ਨੇ ਸਿਰਫ ਸਪੈਸ਼ਲਿਸਟ ਗੇਂਦਬਾਜ਼ਾਂ ਦੀ ਚੋਣ ਕੀਤੀ ਹੈ। ਅਜਿਹੇ 'ਚ ਭੁਵੀ ਦੀ ਸੱਟ ਭਾਰਤੀ ਟੀਮ ਲਈ ਵੱਡੀ ਸਮੱਸਿਆ ਬਣ ਸਕਦੀ ਹੈ।
ਆਈ. ਪੀ. ਐੱਲ. ਵਿਚ ਬੁੱਧਵਾਰ ਨੂੰ ਐਲਿਮੀਨੇਟਰ ਮੈਚ ਵਿਚ ਦਿੱਲੀ ਕੈਪੀਟਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਪੈਰ ਵਿਚ ਸੱਟ ਲੱਗ ਗਈ। ਭੁਵੀ ਜਦੋਂ ਆਖਰੀ ਓਵਰ ਸੁੱਟ ਰਹੇ ਸੀ, ਤੱਦ ਉਸ ਦੇ ਪੈਰ 'ਤੇ ਸੱਟ ਲੱਗ ਗਈ। ਅਜਿਹਾ ਲੱਗਾ ਕਿ ਸਰੀਰ ਦਾ ਭਾਰ ਪੈਰ 'ਤੇ ਆ ਗਿਆ ਅਤੇ ਪੈਰ ਮੁੜ ਗਿਆ। ਹਾਲਾਂਕਿ ਇਸ ਤੋਂ ਬਾਅਦ ਭੁਵੀ ਨੇ ਬਿਨਾ ਇਲਾਜ ਤੋਂ ਆਪਣਾ ਓਵਰ ਪੂਰਾ ਕੀਤਾ। 19ਵੇਂ ਓਵਰ ਦੀ ਚੌਥੀ ਗੇਂਦ 'ਤੇ ਭੁਵੀ ਨੂੰ ਸੱਟ ਲੱਗੀ ਅਤੇ ਉਸਦੀ ਅਗਲੀ ਹੀ ਗੇਂਦ 'ਤੇ ਉਸ ਨੇ ਰਿਸ਼ਭ ਪੰਤ ਦਾ ਵਿਕਟ ਵੀ ਲਿਆ। ਉਮੀਦ ਹੈ ਕਿ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਹੋਵੇਗੀ।
ਬਤੌਰ ਰਿਜ਼ਰਵ ਖਿਡਾਰੀ ਉਪਲੱਬਧ ਹਨ ਇਸ਼ਾਂਤ
ਵਿਸ਼ਵ ਕੱਪ ਲਈ ਭਾਰਤੀ ਟੀਮ ਨੇ ਸਪੈਸ਼ਲਿਸਟ ਤੇਜ਼ ਗੇਂਦਬਾਜ਼ ਦੀ ਚੋਣ ਕੀਤੀ ਹੈ ਜਿਸ ਵਿਚ ਭੁਵੀ ਦੇ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਜਗ੍ਹਾ ਮਿਲੀ ਹੈ। ਬਤੌਰ ਰਿਜ਼ਰਵ ਗੇਂਦਬਾਜ਼ ਇਸ਼ਾਂਤ ਨੂੰ ਰੱਖਿਆ ਗਿਆ ਹੈ। ਇਸ ਆਈ. ਪੀ. ਐੱਲ. ਵਿਚ ਇਸ਼ਾਂਤ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਸਲੋਅਰ ਅਤੇ ਨਕਲ ਗੇਂਦ ਦਾ ਵੀ ਇਸ਼ਾਂਤ ਕਾਫੀ ਇਸਤੇਮਾਲ ਕਰ ਰਹੇ ਹਨ। ਉੱਥੇ ਹੀ ਐਲਿਮੀਨੇਟਰ ਮੈਚ ਵਿਚ ਹੈਦਰਾਬਾਦ ਦੇ ਹਾਰਨ ਤੋਂ ਬਾਅਦ ਹੁਣ ਭੁਵਨੇਸ਼ਵਰ ਨੂੰ ਕੋਈ ਵੀ ਮੈਚ ਨਹੀਂ ਖੇਡਣਾ ਹੈ ਜਿਸ ਨਾਲ ਉਸ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਰਾਮ ਕਰਨ ਦਾ ਮੌਕਾ ਮਿਲ ਜਾਵੇਗਾ।