ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਮੰਨਿਆ, ਇਹ ਟੀਮ ਵਿਸ਼ਵ ਕੱਪ 2023 ਜਿੱਤਣ ਦਾ ਮਜ਼ਬੂਤ ਦਾਅਵੇਦਾਰ
Tuesday, Jun 27, 2023 - 05:39 PM (IST)
ਦੁਬਈ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਦਾ ਮੰਨਣਾ ਹੈ ਕਿ ਭਾਰਤੀ ਹਾਲਾਤ 'ਚ ਵਿਸ਼ਵ ਕੱਪ ਕਰਵਾਉਣਾ ਉਨ੍ਹਾਂ ਦੀ ਟੀਮ ਨੂੰ ਟੂਰਨਾਮੈਂਟ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਬਣਾਉਂਦਾ ਹੈ। ਵਸੀਮ 1992 'ਚ ਪਾਕਿਸਤਾਨ ਦਾ ਇਕਮਾਤਰ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਇਮਰਾਨ ਖਾਨ ਦੀ ਟੀਮ ਦਾ ਹਿੱਸਾ ਰਹੇ ਸਨ। ਪਾਕਿਸਤਾਨ ਦੀ ਅਗਵਾਈ ਇਸ ਸਮੇਂ ਵਿਸ਼ਵ ਦੇ ਚੋਟੀ ਦੇ ਵਨਡੇ ਬੱਲੇਬਾਜ਼ ਬਾਬਰ ਆਜ਼ਮ ਕਰ ਰਹੇ ਹਨ ਅਤੇ ਵਸੀਮ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦੇ ਸਰਵੋਤਮ ਖਿਡਾਰੀ ਫਿੱਟ ਰਹਿੰਦੇ ਹਨ ਤਾਂ ਉਹ ਇਕ ਵਾਰ ਫਿਰ ਵਿਸ਼ਵ ਜੇਤੂ ਬਣ ਸਕਦੇ ਹਨ।
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਵਸੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨਾਲ ਗੱਲਬਾਤ 'ਚ ਕਿਹਾ, "ਸਾਡੇ ਕੋਲ ਇੱਕ ਚੰਗੀ ਟੀਮ ਹੈ... ਬਹੁਤ ਚੰਗੀ ਵਨਡੇ ਟੀਮ ਹੈ ਅਤੇ ਇਸ ਦੀ ਅਗਵਾਈ ਬਾਬਰ ਆਜ਼ਮ ਵਰਗੇ ਮਹਾਨ ਖਿਡਾਰੀ ਕਰ ਰਹੇ ਹਨ।" ਉਨ੍ਹਾਂ ਨੇ ਕਿਹਾ, ''ਜਿੰਨਾ ਚਿਰ ਉਹ ਫਿੱਟ ਹਨ ਅਤੇ ਜਦੋਂ ਤੱਕ ਉਹ ਯੋਜਨਾ ਮੁਤਾਬਕ ਖੇਡਦੇ ਹਨ, ਉਨ੍ਹਾਂ ਕੋਲ ਉਸ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਹੋਵੇਗਾ ਕਿਉਂਕਿ ਇਹ ਉਪ-ਮਹਾਂਦੀਪ 'ਚ ਭਾਰਤ ਵਰਗੇ ਹਾਲਾਤਾਂ 'ਚ ਖੇਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
ਪਾਕਿਸਤਾਨ ਨੇ ਇੰਗਲੈਂਡ ਅਤੇ ਵੇਲਜ਼ 'ਚ 2019 ਦੇ 50 ਓਵਰਾਂ ਦੇ ਵਿਸ਼ਵ ਕੱਪ 'ਚ ਨੌਂ 'ਚੋਂ ਪੰਜ ਮੈਚ ਜਿੱਤੇ ਸਨ ਪਰ ਇੱਕ ਖਰਾਬ ਨੈੱਟ ਰਨ ਰੇਟ ਕਾਰਨ ਸਰਫਰਾਜ਼ ਖਾਨ ਦੀ ਟੀਮ ਸੈਮੀਫਾਈਨਲ ਤੋਂ ਖੁੰਝ ਗਈ ਸੀ। ਉਸ ਟੂਰਨਾਮੈਂਟ ਤੋਂ ਬਾਅਦ ਪਾਕਿਸਤਾਨ ਦੀ ਫਾਰਮ ਸ਼ਾਨਦਾਰ ਰਹੀ ਹੈ। ਬਾਬਰ ਦੀ ਟੀਮ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਸਿਰਫ ਨੌਂ ਵਨਡੇ ਹਾਰੇ ਹਨ ਅਤੇ ਮੌਜੂਦਾ ਸਮੇਂ 'ਚ ਵਨਡੇ ਟੀਮ ਰੈਂਕਿੰਗ 'ਚ ਦੂਜੇ ਸਥਾਨ 'ਤੇ ਹੈ। ਬਾਬਰ ਖੁਦ ਵੀ ਪਿਛਲੇ ਚਾਰ ਸਾਲਾਂ ਤੋਂ ਸ਼ਾਨਦਾਰ ਫਾਰਮ 'ਚ ਹੈ। ਉਹ 2019 ਵਿਸ਼ਵ ਕੱਪ ਤੋਂ ਬਾਅਦ ਕੁੱਲ 18 ਸੈਂਕੜਿਆਂ ਦੇ ਨਾਲ ਵਿਸ਼ਵ ਰੈਂਕਿੰਗ 'ਚ ਸਿਖ਼ਰ 'ਤੇ ਬਣੇ ਹੋਏ ਹਨ।
ਇਹ ਵੀ ਪੜ੍ਹੋ: ICC World Cup 2023 : ਵਰੇਂਦਰ ਸਹਿਵਾਗ ਦੀ ਭਵਿੱਖਬਾਣੀ, ਇਹ 4 ਟੀਮਾਂ ਪਹੁੰਚਣਗੀਆਂ ਸੈਮੀਫਾਈਨਲ 'ਚ
ਵਸੀਮ ਖ਼ੁਦ ਵੀ ਬਾਬਰ ਦੇ ਬਹੁਤ ਵੱਡੇ ਫੈਨ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਬਾਬਰ ਆਉਣ ਵਾਲੇ ਵਿਸ਼ਵ ਕੱਪ 'ਚ ਆਪਣੀ ਖੇਡ 'ਚ ਸੁਧਾਰ ਕਰ ਸਕੇਗਾ। ਵਸੀਮ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਉਹ (ਬਾਬਰ ਆਜ਼ਮ) ਬਿਹਤਰ ਖੇਡ ਦਿਖਾ ਸਕਦਾ ਹੈ ਕਿਉਂਕਿ ਉਹ ਸਾਡਾ ਸਭ ਤੋਂ ਵਧੀਆ ਖਿਡਾਰੀ ਹੈ।' ਉਨ੍ਹਾਂ ਨੇ ਕਿਹਾ, 'ਪੂਰਾ ਦੇਸ਼ ਉਸ ਦਾ ਸਮਰਥਨ ਕਰਦਾ ਹੈ, ਉਹ ਜੋ ਵੀ ਕਰਦਾ ਹੈ। ਉਹ ਲੋਕਾਂ ਨੂੰ ਸਟੇਡੀਅਮ 'ਚ ਲਿਆਉਂਦਾ ਹੈ, ਚਾਹੇ ਉਹ ਟੀ-20, ਵਨਡੇ ਜਾਂ ਟੈਸਟ ਮੈਚ ਹੋਵੇ। ਉਸ ਦੀ ਕਵਰ ਡਰਾਈਵ ਮੇਰੇ ਵਿਚਾਰ 'ਚ ਦੁਨੀਆ ਦੀ ਸਭ ਤੋਂ ਖੂਬਸੂਰਤ ਹੈ।
ਪਾਕਿਸਤਾਨ 6 ਅਕਤੂਬਰ ਨੂੰ ਵਿਸ਼ਵ ਕੱਪ ਕੁਆਲੀਫਾਇਰ ਦੇ ਜੇਤੂ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰੇਗਾ, ਜਦਕਿ ਉਨ੍ਹਾਂ ਦਾ ਦੂਜਾ ਮੈਚ 12 ਅਕਤੂਬਰ ਨੂੰ ਕੁਆਲੀਫਾਇਰ ਦੀ ਉਪ ਜੇਤੂ ਟੀਮ ਨਾਲ ਹੋਵੇਗਾ। ਇਸ ਤੋਂ ਬਾਅਦ ਬਾਬਰ ਆਜ਼ਮ ਦੀ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 15 ਅਕਤੂਬਰ ਨੂੰ ਪੁਰਾਣੇ ਵਿਰੋਧੀ ਭਾਰਤ ਨਾਲ ਭਿੜੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।