ਰਾਜਸਥਾਨ ਰਾਇਲਜ਼ ''ਚ ਮਾਮੂਲੀ ਹਿੱਸੇਦਾਰੀ ''ਤੇ ਵਾਰਨ ਨੇ ਕਿਹਾ-ਮੁਨਾਫਾ ਚੰਗਾ ਹੋਵੇਗਾ
Monday, Dec 09, 2019 - 12:40 AM (IST)

ਮੈਲਬੋਰਨ- ਆਸਟਰੇਲੀਆਈ ਮਹਾਨ ਸਪਿਨਰ ਸ਼ੇਨ ਵਾਰਨ ਨੂੰ 2008 ਵਿਚ ਆਈ. ਪੀ. ਐੱਲ. ਦੇ ਸ਼ੁਰੂਆਤੀ ਗੇੜ ਵਿਚ ਇਸਦੀ ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ ਵਿਚ ਮਾਮੂਲੀ ਜਿਹੀ ਹਿੱਸੇਦਾਰੀ ਦਿੱਤੀ ਗਈ ਸੀ, ਜਿਹੜੀ ਆਗਾਮੀ ਦਿਨਾਂ ਵਿਚ ਉਸ ਨੂੰ ਚੰਗਾ ਮੁਨਾਫਾ ਦਿਵਾ ਸਕਦੀ ਹੈ। 'ਹੇਰਾਲਡ ਸਨ' ਦੀ ਰਿਪੋਰਟ ਅਨੁਸਾਰ ਵਾਰਨ ਨੂੰ 667,000 ਡਾਲਰ ਭੁਗਤਾਨ ਤੋਂ ਇਲਾਵਾ 2008 ਵਿਚ ਸੰਨਿਆਸ ਤੋਂ ਵਾਪਸੀ ਕਰਨ ਤੋਂ ਬਾਅਦ ਹਰ ਸਾਲ ਲਈ 0.75 ਫੀਸਦੀ ਦੀ ਹਿੱਸੇਦਾਰੀ ਦਿੱਤੀ ਗਈ ਹੈ ਪਰ ਹੁਣ ਇਹ ਹਿੱਸੇਦਾਰੀ ਉਸਦੇ 'ਬੈਂਕ ਬੈਲੇਂਸ' ਵਿਚ ਵਾਧਾ ਕਰ ਸਕਦੀ ਹੈ। ਰਾਜਸਥਾਨ ਰਾਇਲਜ਼ ਫ੍ਰੈਂਚਾਇਜ਼ੀ ਦੀ ਕੀਮਤ ਇਸ ਸਮੇਂ 20 ਕਰੋੜ ਅਮਰੀਕੀ ਡਾਲਰ ਹੈ ਤੇ ਰਿਪੋਰਟ ਅਨੁਸਾਰ ਵਾਰਨ ਮੰਨਦਾ ਹੈ ਕਿ ਅਗਲੇ ਦੋ ਸਾਲਾਂ ਵਿਚ ਇਸਦਾ ਮੁੱਲ ਦੁੱਗਣਾ ਹੋ ਜਾਵੇਗਾ। ਉਸ ਨੇ ਕਿਹਾ ਕਿ 40 ਕਰੋੜ ਡਾਲਰ ਦਾ ਤਿੰਨ ਫੀਸਦੀ ਚੰਗਾ ਹੈ। ਇਸਦਾ ਮਤਲਬ ਹੈ ਕਿ ਉਹ 1.2 ਕਰੋੜ ਡਾਲਰ ਦੀ ਕਮਾਈ ਕਰ ਸਕਦਾ ਹੈ।