IPL 2019 : ਵਾਰਨਰ 'ਆਰੇਂਜ ਕੈਪ' ਤੇ ਰਬਾਡਾ 'ਪਰਪਲ ਕੈਪ' ਦੀ ਦੌੜ 'ਚ ਹੁਣ ਵੀ ਅੱਗੇ
Tuesday, May 07, 2019 - 04:35 AM (IST)

ਨਵੀਂ ਦਿੱਲੀ— ਡੇਵਿਡ ਵਾਰਨਰ ਤੇ ਕੈਗਿਸੋ ਰਬਾਡਾ ਦਾ ਆਈ. ਪੀ. ਐੱਲ. 2019 ਦਾ ਸਫਰ ਭਾਵੇਂ ਹੀ ਲੀਗ ਪੜਾਅ 'ਚ ਹੀ ਖਤਮ ਹੋ ਗਿਆ ਪਰ ਸ਼ੁਰੂਆਤੀ ਮੈਚਾਂ 'ਚ ਸ਼ਾਨਦਾਰ ਪ੍ਰ੍ਰਦਰਸ਼ਨ ਦੇ ਦਮ 'ਤੇ ਦੋਵੇਂ ਹੀ 'ਆਰੇਂਜ ਕੈਪ' ਤੇ 'ਪਰਪਲ ਕੈਪ' ਦੇ ਮਜ਼ਬੂਤ ਦਾਅਵੇਦਾਰ ਬਣੇ ਹੋਏ ਹਨ। ਵਾਰਨਰ ਨੇ ਸਨਰਾਈਜ਼ਰਜ਼ ਹੈਦਰਾਬਾਦ ਵਲੋਂ 12 ਮੈਚਾਂ 'ਚ ਇਕ ਸੈਂਕੜਾ ਤੇ 8 ਅਰਧ ਸੈਂਕੜੇ ਲਗਾ ਕੇ 692 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਉਹ ਵਿਸ਼ਵ ਕੱਪ ਲਈ ਤਿਆਰੀਆਂ ਦੇ ਸਿਲਸਿਲੇ 'ਚ ਆਪਣੇ ਦੇਸ਼ ਚੱਲ ਗਏ ਪਰ ਹੁਣ ਵੀ ਆਈ. ਪੀ. ਐੱਲ. ਦੇ ਇਕ ਸੈਸ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਮਿਲਣ ਵਾਲੀ 'ਆਰੇਂਜ ਕੈਪ' ਇਸ ਆਸਟਰੇਲੀਆ ਕ੍ਰਿਕਟਰ ਕੋਲ ਹੀ ਹੈ। ਵਾਰਨਰ ਤੋਂ ਇਲਾਵਾ ਕੇ. ਐੱਲ. ਰਾਹੁਲ (593) ਤੇ ਆਂਦਰੇ ਰਸੇਲ (510) ਹੀ ਵਰਤਮਾਨ ਸੈਸ਼ਨ 'ਚ ਹੁਣ ਤਕ 500 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ ਪਰ ਇਸ ਸਮੇਂ ਇਹ ਦੋਵੇਂ ਖਿਡਾਰੀ ਆਈ. ਪੀ. ਐੱਲ. ਲੀਗ ਤੋਂ ਬਾਹਰ ਹੋ ਚੁੱਕੇ ਹਨ। ਵਾਰਨਰ ਦੇ ਲਈ ਮੁੰਬਈ ਇੰਡੀਅਨਜ਼ ਦੇ ਡੀ ਕਾਕ ਤੇ ਦਿੱਲੀ ਕੈਪੀਟਲਸ ਦੇ ਸ਼ਿਖਰ ਧਵਨ ਥੋੜੀ ਚੁਣੌਤੀ ਬਣੇ ਹੋਏ ਹਨ। ਡੀ ਕਾਕ ਨੇ 492 ਦੌੜਾਂ ਬਣਾਈਆਂ ਹਨ ਤੇ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 3 ਮੈਚ ਖੇਡਣ ਨੂੰ ਮਿਲਣਗੇ, ਜਿਸ 'ਚ 200 ਤੋਂ ਜ਼ਿਆਦਾ ਦੌੜਾਂ ਬਣਾਉਣ 'ਤੇ ਹੀ 'ਆਰੇਂਜ ਕੈਪ' ਹਾਸਲ ਹੋ ਸਕਦੀ ਹੈ।
ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਦਿੱਲੀ ਕੈਪੀਟਲਸ ਦੇ ਗੇਂਦਬਾਜ਼ ਰਬਾਡਾ ਕੋਲ 'ਪਰਪਲ ਕੈਪ' ਹੈ, ਜਿਸ ਦੇ ਪਿੱਠ 'ਚ ਦਰਦ ਕਾਰਨ ਦੱਖਣੀ ਅਫਰੀਕਾ ਨੇ ਆਪਣੇ ਦੇਸ਼ ਵਾਪਸ ਬੁਲਾ ਲਿਆ। ਰਬਾਡਾ ਨੇ 12 ਮੈਚਾਂ 'ਚ 25 ਵਿਕਟਾਂ ਹਾਸਲ ਕਰ ਲਈਆਂ ਹਨ। ਉਸ ਦੀ 'ਪਰਪਲ ਕੈਪ' ਦੇ ਲਈ ਸਭ ਤੋਂ ਵੱਡਾ ਖਤਰਾ ਉਸਦੇ ਸਾਥੀ ਇਮਰਾਨ ਤਾਹਿਰ ਬਣੇ ਹੋਏ ਹਨ ਜਿਸ ਨੇ ਚੇਨਈ ਸੁਪਰ ਕਿੰਗਜ਼ ਵਲੋਂ 21 ਵਿਕਟਾਂ ਹਾਸਲ ਕੀਤੀਆਂ ਹਨ। ਪਲੇਅ ਆਫ 'ਚ ਜਗ੍ਹਾਂ ਬਣਾਉਣ ਵਾਲੀਆਂ 4 ਟੀਮਾਂ 'ਚ ਹੈਦਰਾਬਾਦ ਦੇ ਖਲੀਲ ਅਹਿਮਦ ਤੇ ਮੁੰਬਈ ਦੇ ਜਸਪ੍ਰੀਤ ਬੁਮਰਾਹ ਨੇ 17-17, ਚੇਨਈ ਦੇ ਦੀਪਕ ਚਾਹਰ ਨੇ 16 ਤੇ ਹੈਦਰਾਬਾਦ ਦੇ ਰਾਸ਼ਿਦ ਖਾਨ ਤੇ ਮੁੰਬਈ ਦੇ ਮਲਿੰਗਾ ਨੇ 15-15 ਵਿਕਟਾਂ ਹਾਸਲ ਕੀਤੀਆਂ ਹਨ।