ਦੂਜੀ ਪਾਰੀ ''ਚ ਮਯੰਕ ਤੇ ਪੰਤ ਦਾ ਚੱਲਿਆ ਬੱਲਾ, ਅਭਿਆਸ ਮੈਚ ਹੋਇਆ ਡਰਾਅ

02/16/2020 12:14:10 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਇਲੈਵਨ ਵਿਚਾਲੇ ਖੇਡਿਆ ਜਾ ਰਿਹਾ ਅਭਿਆਸ ਮੈਚ ਡਰਾਅ ਹੋ ਗਿਆ ਹੈ। ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡੇ ਜਾ ਰਹੇ ਇਸ ਅਭਿਆਸ ਮੈਚ ਦੇ ਤੀਜੇ ਦਿਨ ਭਾਰਤ ਨੇ ਦੂਜੀ ਪਾਰੀ 'ਚ 4 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾਈਆਂ। ਇਸ ਦੇ ਨਾਲ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਹੱਥ ਮਿਲਾਏ। ਮੈਚ ਦੀ ਦੂਜੀ ਪਾਰੀ 'ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਈ। ਦੂਜੀ ਪਾਰੀ 'ਚ ਮਯੰਕ ਅੱਗਰਵਾਲ ਅਤੇ ਰਿਸ਼ਭ ਪੰਤ ਦੇ ਵਿਚਾਲੇ 100 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ।


ਅਭਿਆਸ ਮੈਚ ਦੀ ਦੂਜੀ ਪਾਰੀ 'ਚ ਪ੍ਰਿਥਵੀ ਸ਼ਾਹ ਨੇ 31 ਗੇਂਦਾਂ 'ਚ 6 ਚੌਕਿਆਂ ਅਤੇ 1 ਛੱਕੇ ਦੇ ਨਾਲ 30 ਦੌੜਾਂ ਦੀ ਪਾਰੀ ਖੇਡੀ। ਪ੍ਰਿਥਵੀ ਨੂੰ ਡਿਰੇਲ ਮਿਸ਼ੇਲ ਨੇ ਬੋਲਡ ਕੀਤਾ। ਮਯੰਕ ਅੱਗਰਵਾਲ 99 ਗੇਂਦਾਂ 'ਚ 10 ਚੌਕਿਆਂ ਅਤੇ 3 ਛੱਕਿਆਂ ਦੇ ਨਾਲ 81 ਦੌੜਾਂ ਦੀ ਪਾਰੀ ਖੇਡ ਕੇ ਰੀਟਾਇਰਡ ਆਊਟ ਹੋਇਆ। ਸ਼ੁਭਮਨ ਗਿਲ 13 ਗੇਂਦਾਂ 'ਚ ਇਕ ਚੌਕੇ ਦੇ ਨਾਲ 8 ਦੌੜਾਂ ਦੀ ਪਾਰੀ ਖੇਡ ਕੇ ਡਿਰੇਲ ਦੇ ਹੱਥੋਂ ਐੱਲ. ਬੀ. ਡਬਲਿਊ ਆਊਟ ਹੋਇਆ।

ਪਹਿਲੀ ਪਾਰੀ 'ਚ ਸਸਤੇ 'ਚ ਆਊਟ ਹੋਣ ਵਾਲੇ ਰਿਸ਼ਭ ਪੰਤ ਦਾ ਬੱਲਾ ਦੂਜੀ ਪਾਰੀ 'ਚ ਰੱਜ ਕੇ ਬੋਲਿਆ। ਪੰਤ ਨੇ 65 ਗੇਂਦਾਂ 'ਚ 4 ਚੌਕਿਆਂ ਅਤੇ 4 ਸ਼ਾਨਦਾਰ ਛੱਕਿਆਂ ਦੇ ਨਾਲ 70 ਦੌੜਾਂ ਦੀ ਪਾਰੀ ਖੇਡੀ। ਡਿਰੇਲ ਮਿਸ਼ੇਲ ਨੇ ਵਿਕਟਕੀਪਰ ਕਲੀਵਰ ਦੇ ਹੱਥੋਂ ਪੰਤ ਨੂੰ ਆਊਟ ਕਰਾਇਆ। ਰਿਧੀਮਾਨ ਸਾਹਾ 38 ਗੇਂਦਾਂ 'ਚ 5 ਚੌਕਿਆਂ ਦੇ ਨਾਲ 30 ਦੌੜਾਂ ਅਤੇ ਰਵਿਚੰਦਰਨ ਅਸ਼ਵਿਨ 43 ਗੇਂਦਾਂ 'ਚ 2 ਚੌਕਿਆਂ ਦੇ ਨਾਲ 16 ਦੌੜਾਂ ਦੀ ਪਾਰੀ ਖੇਡ ਕੇ ਅਜੇਤੂ ਰਹੇ।

 


Related News