ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਮਜ਼ਬੂਤ ਟੀਮ ਚਾਹੁੰਦਾ ਸੀ: ਭਾਰਤੀ ਕਪਤਾਨ ਸ਼ੁਭਮਨ ਗਿੱਲ

Tuesday, Nov 03, 2026 - 04:30 PM (IST)

ਵਨਡੇ ਸੀਰੀਜ਼ ਲਈ ਪੂਰੀ ਤਰ੍ਹਾਂ ਮਜ਼ਬੂਤ ਟੀਮ ਚਾਹੁੰਦਾ ਸੀ: ਭਾਰਤੀ ਕਪਤਾਨ ਸ਼ੁਭਮਨ ਗਿੱਲ

ਆਕਲੈਂਡ : ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਵੱਸ ਹੁੰਦਾ ਤਾਂ ਉਹ ਵਿਸ਼ਵ ਕੱਪ 2027 ਦੀਆਂ ਤਿਆਰੀਆਂ ਲਈ ਸਾਰੇ 5 ਮੈਚਾਂ ਵਿੱਚ ਆਪਣੀ ਸਭ ਤੋਂ ਮਜ਼ਬੂਤ ਟੀਮ ਨਾਲ ਖੇਡਣਾ ਪਸੰਦ ਕਰਦੇ। ਗਿੱਲ ਅਨੁਸਾਰ ਵਨਡੇ ਅਤੇ ਟੈਸਟ ਲੜੀ ਦੇ ਵਿਚਕਾਰ ਬਹੁਤ ਘੱਟ ਸਮਾਂ ਹੋਣ ਕਾਰਨ ਜਸਪ੍ਰੀਤ ਬੁਮਰਾਹ ਨੂੰ ਪੂਰੀ ਵਨਡੇ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ, ਜਦਕਿ ਗਿੱਲ ਸਮੇਤ ਕਈ ਹੋਰ ਟੈਸਟ ਖਿਡਾਰੀ ਆਖ਼ਰੀ ਦੋ ਵਨਡੇ ਮੈਚਾਂ ਵਿੱਚ ਨਹੀਂ ਖੇਡਣਗੇ।

ਗਿੱਲ ਨੇ ਦੱਸਿਆ ਕਿ ਜੂਨ 2027 ਵਿੱਚ ਹੋਣ ਵਾਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਅਤੇ ਅਕਤੂਬਰ-ਨਵੰਬਰ 2027 ਦਾ ਵਨਡੇ ਵਿਸ਼ਵ ਕੱਪ ਦੋਵੇਂ ਹੀ ਭਾਰਤ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਜੇਕਰ ਵਨਡੇ ਤੋਂ ਬਾਅਦ ਟੀ-20 ਅਤੇ ਫਿਰ ਟੈਸਟ ਸੀਰੀਜ਼ ਹੁੰਦੀ, ਤਾਂ ਟੀਮ ਸਾਰੇ ਵਨਡੇ ਮੈਚਾਂ ਵਿੱਚ ਪੂਰੀ ਤਾਕਤ ਨਾਲ ਖੇਡ ਸਕਦੀ ਸੀ।

ਇਸ ਤੋਂ ਇਲਾਵਾ ਗਿੱਲ ਨੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਫਿਟਨੈਸ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਆਈ.ਪੀ.ਐੱਲ. 2026 ਤੋਂ ਬਾਅਦ ਸੱਟਾਂ ਕਾਰਨ ਬਾਹਰ ਚੱਲ ਰਹੇ ਪਾਂਡਿਆ ਦੀ ਟੀਮ 'ਚ ਵਾਪਸੀ ਬਹੁਤ ਜ਼ਰੂਰੀ ਹੈ। ਦੱਖਣੀ ਅਫ਼ਰੀਕਾ ਦੀਆਂ ਉਛਾਲ ਵਾਲੀਆਂ ਪਿੱਚਾਂ 'ਤੇ ਹੋਣ ਵਾਲੇ 2027 ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦਿਆਂ ਗਿੱਲ ਨੇ ਵਿਚਕਾਰਲੇ ਓਵਰਾਂ 'ਚ ਲੰਬੇ ਕੱਦ ਦੇ ਤੇਜ਼ ਗੇਂਦਬਾਜ਼ਾਂ (ਜਿਵੇਂ ਗੁਰਨੂਰ ਬਰਾੜ ਤੇ ਪ੍ਰਸਿੱਧ ਕ੍ਰਿਸ਼ਨਾ) ਨੂੰ ਅਜ਼ਮਾਉਣ ਦੀ ਰਣਨੀਤੀ ਬਾਰੇ ਵੀ ਦੱਸਿਆ।
 


author

Tarsem Singh

Content Editor

Related News