ਪਰਥ 'ਚ ਇਕ ਵੀ ਅੰਤਰਰਾਸ਼ਟਰੀ ਮੈਚ ਨਾ ਹੋਣ 'ਤੇ ਵਾਕਾ ਬੇਹੱਦ ਨਿਰਾਸ਼

10/29/2020 2:20:41 AM

ਮੈਲਬੋਰਨ- ਵੈਸਟਰਨ ਆਸਟਰੇਲੀਆ ਕ੍ਰਿਕਟ ਐਸੋਸ਼ੀਏਸ਼ਨ (ਵਾਕਾ) ਨੇ ਅੰਤਰਰਾਸ਼ਟਰੀ ਕ੍ਰਿਕਟ ਸੀਜ਼ਨ ਦੌਰਾਨ ਉਸ ਨੂੰ ਇਕ ਵੀ ਮੈਚ ਦੀ ਮੇਜ਼ਬਾਨੀ ਨਹੀਂ ਮਿਲਣ 'ਤੇ ਬਹੁਤ ਨਿਰਾਸ਼ਾ ਜ਼ਾਹਿਰ ਕੀਤੀ ਹੈ। ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਬੁੱਧਵਾਰ ਨੂੰ ਹੀ ਆਗਾਮੀ ਭਾਰਤ ਦੇ ਦੌਰੇ ਦਾ ਐਲਾਨ ਕੀਤਾ ਹੈ। ਆਸਟਰੇਲੀਆ ਦੌਰੇ 'ਤੇ ਭਾਰਤ ਨੂੰ ਤਿੰਨ ਵਨ ਡੇ, ਤਿੰਨ ਟੀ-20 ਅਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਭਾਰਤੀ ਟੀਮ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਨਾਲ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਕਰੇਗੀ। ਦੋਵਾਂ ਟੀਮਾਂ ਦੇ ਵਿਚਾਲੇ ਪਹਿਲਾ ਅਤੇ ਦੂਜਾ ਵਨ ਡੇ ਸਿਡਨੀ 'ਚ 27 ਅਤੇ 29 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤੀਜਾ ਅਤੇ ਆਖਰੀ ਵਨ ਡੇ 2 ਦਸੰਬਰ ਨੂੰ ਕੈਨਬਰਾ 'ਚ ਹੋਵੇਗਾ।
ਵਨ ਡੇ ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਦੇ ਵਿਚਾਲੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਕੈਨਬਰਾ ਅਤੇ ਸਿਡਨੀ 'ਚ ਖੇਡੀ ਜਾਵੇਗੀ। ਪਹਿਲਾ ਮੈਚ ਚਾਰ ਦਸੰਬਰ ਨੂੰ ਕੈਨਬਰਾ 'ਚ, ਜਦਕਿ ਸੀਰੀਜ਼ ਦੇ ਬਾਕੀ 2 ਮੈਚ 6 ਅਤੇ 8 ਦਸੰਬਰ ਨੂੰ ਸਿਡਨੀ 'ਚ ਖੇਡੇ ਜਾਣਗੇ। ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ 17 ਦਸੰਬਰ ਤੋਂ ਐਡੀਲੇਡ 'ਚ ਮੇਜ਼ਬਾਨ ਆਸਟਰੇਲੀਆ ਵਿਰੁੱਧ ਹੋਣ ਵਾਲੇ ਡੇ ਨਾਈਟ ਟੈਸਟ ਤੋਂ ਬਾਰਡਰ-ਗਾਵਸਕਰ ਟਰਾਫੀ ਖਿਤਾਬ ਬਚਾਉਣ ਲਈ ਮੁਹਿੰਮ ਦੀ ਸ਼ੁਰੂਆਤ ਕਰੇਗੀ। ਐਡੀਲੇਡ 'ਚ ਹੋਣ ਵਾਲੇ ਪਹਿਲੇ ਡੇ ਨਾਈਟ ਟੈਸਟ ਮੈਚ ਤੋਂ ਬਾਅਦ ਦੋਵੇਂ ਟੀਮਾਂ 26 ਦਸੰਬਰ ਤੋਂ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਦੂਜਾ ਟੈਸਟ, 7 ਜਨਵਰੀ 2021 ਤੋਂ ਸਿਡਨੀ ਕ੍ਰਿਕਟ ਗਰਾਊਂਡ 'ਚ ਤੀਜਾ ਟੈਸਟ ਅਤੇ 15 ਜਨਵਰੀ 2021 ਤੋਂ ਗਾਬਾ 'ਚ ਚੌਥਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾਵੇਗਾ। ਇਨ੍ਹਾਂ ਸਾਰਿਆਂ ਮੈਚਾਂ 'ਚੋਂ ਵਾਕਾ ਦੇ ਪਰਥ ਮੈਦਾਨ ਨੂੰ ਇਕ ਵੀ ਮੈਚ ਦੀ ਮੇਜ਼ਬਾਨੀ ਨਹੀਂ ਮਿਲੀ ਹੈ।
ਵਾਕਾ ਦੇ ਮੁੱਖ ਕਾਰਜਕਾਰੀ ਕ੍ਰਿਸਟੀਨਾ ਮੈਥਿਊਜ਼ ਨੇ ਇਸ ਗੱਲ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਇਸ ਸਾਲ ਉਸ ਨੂੰ ਆਸਟਰੇਲੀਆਈ ਟੀਮ ਦੇ ਇਕ ਵੀ ਮੁਕਾਬਲੇ ਦੀ ਮੇਜ਼ਬਾਨੀ ਨਹੀਂ ਦਿੱਤੀ ਗਈ ਹੈ।
ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ:-
ਵਨ ਡੇ ਸੀਰੀਜ਼

ਪਹਿਲਾ ਵਨ ਡੇ : 27 ਨਵੰਬਰ (ਸਿਡਨੀ)
ਦੂਜਾ ਵਨ ਡੇ : 29 ਨਵੰਬਰ (ਸਿਡਨੀ)
ਤੀਜਾ ਵਨ ਡੇ : 4 ਦਸੰਬਰ (ਕੈਨਬਰਾ)
ਟੀ-20 ਸੀਰੀਜ਼
ਪਹਿਲਾ ਟੀ-20 : 4 ਦਸੰਬਰ (ਕੈਨਬਰਾ)
ਦੂਜਾ ਟੀ-20 : 6 ਦਸੰਬਰ (ਸਿਡਨੀ)
ਤੀਜਾ ਟੀ-20 : 8 ਦਸੰਬਰ (ਸਿਡਨੀ)
ਟੈਸਟ ਸੀਰੀਜ਼
ਪਹਿਲਾ ਟੈਸਟ : 17-21 ਦਸੰਬਰ (ਦਿਨ-ਰਾਤ)
ਦੂਜਾ ਟੈਸਟ : 26-30 ਦਸੰਬਰ (ਮੈਲਬੋਰਨ)
ਤੀਜਾ ਟੈਸਟ : 7-11 ਜਨਵਰੀ (ਸਿਡਨੀ)
ਚੌਥਾ ਟੈਸਟ : 15-19 ਜਨਵਰੀ (ਬ੍ਰਿਸਬੇਨ)


Gurdeep Singh

Content Editor

Related News