ਦ੍ਰਾਵਿੜ ਦੀ ਜਗ੍ਹਾ NCA ਨਿਰਦੇਸ਼ਕ ਅਹੁਦੇ ਦੀ ਰੇਸ ’ਚ ਸਭ ਤੋਂ ਅੱਗੇ VVS ਲਕਸ਼ਮਣ
Tuesday, Nov 09, 2021 - 10:56 AM (IST)
ਮੁੰਬਈ (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ. ਸੀ. ਆਈ.) ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਡਾਇਰੈਕਟਰ ਦੇ ਤੌਰ ’ਤੇ ਵੀ. ਵੀ. ਐੱਸ. ਲਕਸ਼ਮਣ ਨੂੰ ਪਸੰਦੀਦਾ ਉਮੀਦਵਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਰਾਹੁਲ ਦ੍ਰਾਵਿੜ ਦੇ ਭਾਰਤੀ ਟੀਮ ਦਾ ਮੁੱਖ ਕੋਚ ਬਣਨ ਤੋਂ ਬਾਅਦ ਇਹ ਅਹੁਦਾ ਖਾਲ੍ਹੀ ਹੈ। ਪਤਾ ਲੱਗਾ ਹੈ ਕਿ ਮੌਜੂਦਾ ਸਮੇਂ ਵਿਚ ਕੁਮੈਂਟੇਟਰ ਦੇ ਰੂਪ ਵਿਚ ਯੂ. ਏ. ਈ. ਵਿਚ ਮੌਜੂਦ ਲਕਸ਼ਮਣ ਨੂੰ ਆਪਣੇ ਰੋਲ ਤੇ ਹੋਰਨਾਂ ਜਾਣਕਾਰੀਆਂ ਦੀ ਸਪੱਸ਼ਟਤਾ ਦਾ ਇੰਤਜ਼ਾਰ ਕਰ ਰਿਹਾ ਹੈ। ਉਸ ਤੋਂ ਬਾਅਦ ਵਿਚ ਉਹ ਅਗਲਾ ਕਦਮ ਵਧਾਏਗਾ।
ਦੋ ਸਾਲ ਤਕ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਦ੍ਰਾਵਿੜ ਨੇ ਐੱਨ. ਸੀ. ਏ. ਡਾਇਰੈਕਟਰ ਅਹੁਦੇ ਤੋਂ ਪਿਛਲੇ ਮਹੀਨੇ ਹੀ ਅਸਤੀਫ਼ਾ ਦਿੱਤਾ ਸੀ। ਇੱਥੇ ਉਹ ਸੱਟ ਮੈਨੇਜਮੈਂਟ, ਖਿਡਾਰੀਆਂ ਦੇ ਰਿਹੈਬ, ਕੋਚਿੰਗ ਪ੍ਰੋਗਰਾਮ ਤੇ ਐੱਜ਼ ਗਰੁੱਪ ਲਈ ਰੋਡਮੈਪ ਦੀ ਤਿਆਰੀ ਤੇ ਮਹਿਲਾ ਕ੍ਰਿਕਟ ਨੂੰ ਦੇਖ ਰਿਹਾ ਸੀ। ਐੱਨ. ਸੀ. ਏ. ਦੇ ਪ੍ਰਮੁੱਖ ਨੂੰ ਬੈਂਗਲੁਰੂ ਵਿਚ ਰਹਿਣਾ ਪਵੇਗਾ। ਜੇਕਰ ਲਕਸ਼ਮਣ ਅਹੁਦਾ ਸੰਭਾਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਆਪਣਾ ਜੱਦੀ ਸ਼ਹਿਰ ਹੈਦਰਾਬਾਦ ਛੱਡਣਾ ਪਵੇਗਾ। ਲਕਸ਼ਮਣ ਇਸ ਸਮੇਂ ਆਈ.ਪੀ.ਐੱਲ ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ ਦਾ ਮੈਂਟਰ ਵੀ ਹੈ।