ਮੈਕਸਿਮ ਲਾਗ੍ਰੇਵ ਤੋਂ ਹਾਰਿਆ ਵਿਸ਼ਵਨਾਥਨ ਆਨੰਦ

04/03/2018 3:00:03 AM

ਜਰਮਨੀ-(ਨਿਕਲੇਸ਼ ਜੈਨ)—ਗ੍ਰੇਂਕੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਰਾਊਂਡ 'ਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਿਸਲੀਅਨ ਪਾਲਸਨ 'ਚ ਹੋਏ ਇਸ ਮੁਕਾਬਲੇ 'ਚ ਸ਼ੁਰੂਆਤ ਵਿਚ ਆਨੰਦ ਨੇ ਹਮਲਾਵਰ ਖੇਡ ਦਿਖਾਉਂਦਿਆਂ ਮੈਕਸਿਮ ਦੇ ਰਾਜੇ ਵੱਲ ਹਮਲਾ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰਦੇ ਹੋਏ ਹਮਲਾਵਰ ਰੁਖ਼ ਅਪਣਾਇਆ ਪਰ ਮੈਕਸਿਮ ਨੇ ਨਾ ਸਿਰਫ ਆਪਣਾ ਸ਼ਾਨਦਾਰ ਬਚਾਅ ਕੀਤਾ ਸਗੋਂ ਆਨੰਦ ਲਈ ਰਾਜੇ ਦੀ ਸਥਿਤੀ ਇਕ ਚੁਣੌਤੀ ਬਣ ਗਈ ਤੇ ਅੰਤ 38 ਚਾਲਾਂ 'ਚ ਆਨੰਦ ਨੇ ਹਾਰ ਮੰਨ ਲਈ।
ਕਾਰਲਸਨ-ਅਰੋਨੀਅਨ ਜਿੱਤੇ : ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਬੇਹੱਦ ਸ਼ਾਨਦਾਰ ਖੇਡ ਦਿਖਾਉਂਦਿਆਂ ਚੀਨ ਦੀ ਹੂ ਈਫਾਨ ਨੂੰ ਹਰਾਉਂਦਿਆਂ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਦਕਿ ਲਗਾਤਾਰ ਖਰਾਬ ਲੈਅ ਨਾਲ ਜੂਝ ਰਹੇ ਅਰਮੀਨੀਅਨ ਗ੍ਰੈਂਡ ਮਾਸਟਰ ਲੇਵਾਨ ਅਰੋਨੀਅਨ ਨੇ ਅਜ਼ਰਬਾਇਜਾਨ ਦੇ ਅਕਾਰਦੀ ਨਾਈਡਿਸ਼ ਨੂੰ ਹਰਾਇਆ। ਜਰਮਨੀ ਦੇ ਮੇਥਿਸ ਬਲੂਬਮ ਨੇ ਕੈਂਡੀਡੇਟ ਜੇਤੂ ਅਮਰੀਕਨ ਗ੍ਰੈਂਡ ਮਾਸਟਰ ਫੇਬਿਆਨੋ ਕਾਰੂਆਨਾ ਨੂੰ ਹੈਰਾਨ ਕਰਦਿਆਂ ਡਰਾਅ 'ਤੇ ਰੋਕ ਲਿਆ। ਪਹਿਲੇ ਰਾਊਂਡ 'ਚ ਇਕਲੌਤੀ ਜਿੱਤ ਦਰਜ ਕਰਨ ਵਾਲੇ ਰੂਸ ਦੇ ਨਿਕਿਤਾ ਵਿਤੁਗੋਵ ਨੇ ਜਰਮਨੀ ਦੇ ਜਾਰਜ ਮੇਅਰ ਨੂੰ ਹਰਾਉਂਦਿਆਂ ਲਗਾਤਾਰ ਆਪਣੀ ਦੂਜੀ ਜਿੱਤ ਦਰਜ ਕੀਤੀ ਤੇ ਸ਼ੁਰੂਆਤੀ ਬੜ੍ਹਤ ਬਰਕਰਾਰ ਰੱਖੀ ਹੈ।


Related News