ਦੱ. ਅਫਰੀਕਾ ''ਚ 25 ਸਾਲਾਂ ਦਾ ਸੋਕਾ ਖਤਮ ਕਰੇਗੀ ਵਿਰਾਟ ਸੈਨਾ

12/27/2017 12:55:37 AM

ਨਵੀਂ ਦਿੱਲੀ— ਸ਼੍ਰੀਲੰਕਾ ਵਿਰੁੱਧ ਸਫਲ ਦੌਰੇ ਤੇ ਉੱਚੇ ਮਨੋਬਲ ਨਾਲ ਭਾਰਤੀ ਕ੍ਰਿਕਟ ਟੀਮ ਆਪਣੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ 'ਚ ਨਵੇਂ ਸਾਲ ਦਾ ਆਗ਼ਾਜ਼ ਦੱਖਣੀ ਅਫਰੀਕਾ ਦੀ ਧਰਤੀ 'ਤੇ ਕਰੇਗੀ, ਜਿਥੇ ਉਸ ਦੇ ਸਾਹਮਣੇ ਅਫਰੀਕੀ ਧਰਤੀ 'ਤੇ 25 ਸਾਲਾਂ ਦੀ ਜਿੱਤ ਦਾ ਸੋਕਾ ਖਤਮ ਕਰਨ ਦੀ ਚੁਣੌਤੀ ਹੋਵੇਗੀ। ਦੁਨੀਆ ਦੇ ਦੂਜੇ ਨੰਬਰ ਦੇ ਟੈਸਟ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਤੋਂ ਵਿਦੇਸ਼ੀ ਧਰਤੀ 'ਤੇ ਆਪਣੀ ਘਰੇਲੂ ਫਾਰਮ ਨੂੰ ਦੁਹਰਾਉਣ ਦੇ ਨਾਲ-ਨਾਲ ਇਤਿਹਾਸ ਰਚਣ ਦੀ ਵੀ ਉਮੀਦ ਹੈ ਕਿਉਂਕਿ ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਉਸ ਦੀ ਧਰਤੀ 'ਤੇ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤੀ। 
ਭਾਰਤ ਨੇ ਇਸ ਸਾਲ ਘਰੇਲੂ ਮੈਦਾਨ 'ਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਪਰ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਲਈ ਦੂਜੇ ਨੰਬਰ ਦੀ ਦੱਖਣੀ ਅਫਰੀਕੀ ਟੀਮ ਨੂੰ ਉਸੇ ਦੇ ਮੈਦਾਨ 'ਤੇ ਹਰਾਉਣਾ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਨੇ ਆਪਣੇ ਘਰੇਲੂ ਦੌਰੇ 'ਚ ਨਿਊਜ਼ੀਲੈਂਡ, ਇੰਗਲੈਂਡ ਤੇ ਆਸਟ੍ਰੇਲੀਆ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਹੈ ਅਤੇ ਹੁਣ ਵਿਰਾਟ ਦੀ ਅਗਵਾਈ 'ਚ ਭਾਰਤੀ ਟੀਮ ਆਪਣੀ ਰਿਕਾਰਡ 10ਵੀਂ ਟੈਸਟ ਜਿੱਤ ਦੇ ਟੀਚੇ ਨਾਲ ਦੱਖਣੀ ਅਫਰੀਕਾ ਦੌਰੇ 'ਤੇ ਰਵਾਨਾ ਹੋ ਰਹੀ ਹੈ। 
ਹਾਲਾਂਕਿ ਪਿਛਲੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਇਹ ਆਸਾਨ ਨਹੀਂ ਹੈ। ਭਾਰਤ ਦੱਖਣੀ ਅਫਰੀਕਾ ਦੀ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਤੋਂ ਬਾਅਦ ਇਥੇ ਸਾਲ 1992-93 'ਚ ਉਥੋਂ ਦਾ ਦੌਰਾ ਕਰਨ ਵਾਲੀ ਪਹਿਲੀ ਟੀਮ ਸੀ ਤੇ ਉਦੋਂ ਉਸ ਨੇ ਚਾਰ ਮੈਚਾਂ ਦੀ ਸੀਰੀਜ਼ 0-1 ਨਾਲ ਗੁਆਈ ਸੀ। ਇਸ ਤੋਂ ਬਾਅਦ ਭਾਰਤ ਫਿਰ ਕਦੇ ਵੀ ਉਸ ਦੀ ਧਰਤੀ 'ਤੇ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ। ਭਾਰਤ ਨੇ ਦੱਖਣੀ ਅਫਰੀਕਾ 'ਚ ਸਾਲ 1996-97 'ਚ ਤਿੰਨ ਮੈਚਾਂ ਦੀ ਸੀਰੀਜ਼ ਵਿਚ ਫਿਰ 0-2 ਨਾਲ ਹਾਰ ਝੱਲੀ। ਸਾਲ 2001-02 'ਚ ਉਹ ਦੋ ਮੈਚਾਂ ਦੀ ਸੀਰੀਜ਼ 'ਚ 0-1 ਨਾਲ, 2006-07 ਵਿਚ 3 ਮੈਚਾਂ ਦੀ ਸੀਰੀਜ਼ ਵਿਚ 1-2 ਨਾਲ ਹਾਰੀ। ਸਾਲ 2010-11 'ਚ ਤਿੰਨ ਮੈਚਾਂ ਦੀ ਸੀਰੀਜ਼ 'ਚ ਉਸ ਨੇ 1-1 ਨਾਲ ਡਰਾਅ ਖੇਡਿਆ, ਜਦਕਿ ਸਾਲ 2013-14 'ਚ ਦੱਖਣੀ ਅਫਰੀਕਾ ਦੇ ਆਪਣੇ ਆਖਰੀ ਦੌਰੇ 'ਚ ਭਾਰਤੀ ਟੀਮ ਦੋ ਮੈਚਾਂ ਦੀ ਸੀਰੀਜ਼ 0-1 ਨਾਲ ਹਾਰ ਗਈ ਸੀ।


Related News