ਵਿਰਾਟ ਕੋਹਲੀ ਨੇ ਠੁਕਰਾਈ ਸੀ ਕਪਤਾਨ ਦੇ ਤੌਰ ''ਤੇ 100ਵਾਂ ਟੈਸਟ ਮੈਚ ਖੇਡਣ ਦੀ ਪੇਸ਼ਕਸ਼

Monday, Jan 17, 2022 - 07:11 PM (IST)

ਵਿਰਾਟ ਕੋਹਲੀ ਨੇ ਠੁਕਰਾਈ ਸੀ ਕਪਤਾਨ ਦੇ ਤੌਰ ''ਤੇ 100ਵਾਂ ਟੈਸਟ ਮੈਚ ਖੇਡਣ ਦੀ ਪੇਸ਼ਕਸ਼

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਤਿੰਨੋਂ ਫਾਰਮੈਟਾਂ ਵਿੱਚ ਲੰਬੇ ਸਮੇਂ ਤੱਕ ਕਪਤਾਨੀ ਕਰਨ ਵਾਲੇ ਵਿਰਾਟ ਕੋਹਲੀ ਹੁਣ ਖਿਡਾਰੀ ਦੇ ਰੂਪ ਵਿੱਚ ਟੀਮ ਦਾ ਹਿੱਸਾ ਹੋਣਗੇ। ਟੀ-20 ਤੋਂ ਬਾਅਦ ਹੁਣ ਉਨ੍ਹਾਂ ਨੇ ਟੈਸਟ ਟੀਮ ਦੀ ਕਪਤਾਨੀ ਵੀ ਛੱਡ ਦਿੱਤੀ ਹੈ। ਰਿਪੋਰਟ ਮੁਤਾਬਕ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕਪਤਾਨ ਵਜੋਂ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣ ਤੋਂ ਬਾਅਦ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਸੀ।

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ਦੇ ਖ਼ਤਮ ਹੋਣ ਦੇ ਇਕ ਦਿਨ ਬਾਅਦ ਵਿਰਾਟ ਨੇ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ’ਤੇ ਇਕ ਨੋਟ ਜਾਰੀ ਕਰਦੇ ਹੋਏ ਉਨ੍ਹਾਂ ਨੇ ਆਪਣੀ 7 ਸਾਲ ਦੀ ਟੈਸਟ ਕਪਤਾਨੀ ਦੇ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਬੀ. ਸੀ. ਸੀ. ਆਈ. ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਧੰਨਵਾਦ ਕੀਤਾ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਜਦੋਂ ਕੋਹਲੀ ਨੇ ਬੀ. ਸੀ. ਸੀ. ਆਈ. ਨੂੰ ਸੂਚਿਤ ਕੀਤਾ ਕਿ ਉਹ ਟੈਸਟ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਬੋਰਡ ਵੱਲੋਂ ਖ਼ਾਸ ਆਫਰ ਦਿੱਤਾ ਗਿਆ ਕਿ ਕਪਤਾਨ ਦੇ ਤੌਰ ’ਤੇ ਸ਼੍ਰੀਲੰਕਾ ਦੇ ਖਿਲਾਫ਼ ਬੈਂਗਲੁਰੂ ਟੈਸਟ ਮੈਚ ਖੇਡਣ ਤੋਂ ਬਾਅਦ ਉਸ ਨੂੰ ਵਿਦਾਈ ਦਿੱਤੀ ਜਾਵੇਗੀ। ਇਸ ਬਾਰੇ ਕੋਹਲੀ ਦਾ ਕਹਿਣਾ ਸੀ, ‘ਇਕ ਮੈਚ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ, ਮੈਂ ਅਜਿਹਾ ਨਹੀਂ ਹਾਂ।’

ਜ਼ਿਕਰਯੋਗ ਹੈ ਕਿ ਵਿਰਾਟ ਇਸ ਸਮੇਂ 99 ਟੈਸਟ ਮੈਚ ਖੇਡ ਚੁੱਕੇ ਹਨ। ਬੋਰਡ ਚਾਹੁੰਦਾ ਸੀ ਕਿ ਉਹ ਆਪਣਾ 100ਵਾਂ ਟੈਸਟ ਮੈਚ ਖੇਡਣ ਤੋਂ ਬਾਅਦ ਕਪਤਾਨੀ ਛੱਡ ਦੇਵੇ। ਕਿਸੇ ਵੀ ਖਿਡਾਰੀ ਦੇ ਕਰੀਅਰ ਦਾ 100ਵਾਂ ਟੈਸਟ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਹਰ ਕਿਸੇ ਨੂੰ ਇਸ ਮੁਕਾਮ ’ਤੇ ਪਹੁੰਚਣ ਦਾ ਮੌਕਾ ਨਹੀਂ ਮਿਲਦਾ। ਕੋਹਲੀ ਨੇ ਕਪਤਾਨੀ ਛੱਡਣ ਦੇ ਆਪਣੇ ਫੈਸਲੇ ਨੂੰ ਸਾਂਝਾ ਕਰਨ ਤੋਂ ਪਹਿਲਾਂ ਡਰੈਸਿੰਗ ਰੂਮ ਵਿੱਚ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਟੀਮ ਦੇ ਹੋਰ ਸਾਥੀਆ ਨਾਲ ਗੱਲ ਕੀਤੀ ਸੀ।


author

Tarsem Singh

Content Editor

Related News