WC ਤੋਂ ਬਾਅਦ ਵਿਰਾਟ ਕੋਹਲੀ ਨੂੰ ਲਗ ਸਕਦਾ ਹੈ ਵੱਡਾ ਝਟਕਾ, ਇਹ ਹੈ ਕਾਰਨ
Monday, Jul 15, 2019 - 04:36 PM (IST)

ਸਪੋਰਟਸ ਡੈਸਕ— ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਕੇ ਵਰਲਡ ਕੱਪ 2019 ਤੋਂ ਬਾਹਰ ਹੋਣ ਵਾਲੀ ਭਾਰਤੀ ਟੀਮ 'ਚ ਹੁਣ ਵੱਡੇ ਫੇਰਬਦਲ ਦੀ ਮਜ਼ਬੂਤ ਸੰਭਾਵਨਾ ਹੈ। ਬੀ.ਸੀ.ਸੀ.ਆਈ. ਕੁਝ ਵੱਡੇ ਫੈਸਲੇ ਲੈ ਸਕਦੀ ਹੈ। ਬੋਰਡ ਦੇ ਇਕ ਅਧਿਕਾਰੀ ਦੀ ਮੰਨੀਏ ਤਾਂ ਭਾਰਤੀ ਟੀਮ 'ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ।
ਖਬਰ ਤਾਂ ਇਹ ਹੈ ਕਿ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹੱਥ ਧੋਣਾ ਪੈ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਅਧਿਕਾਰੀ ਦੇ ਮੁਤਾਬਕ, ਵਿਰਾਟ ਕੋਹਲੀ ਨੂੰ ਹਟਾ ਕੇ ਰੋਹਿਤ ਸ਼ਰਮਾ ਨੂੰ ਵਨ-ਡੇ ਅਤੇ ਟੀ-20 ਦਾ ਨਿਯਮਿਤ ਕਪਤਾਨ ਬਣਾਇਆ ਜਾ ਸਕਦਾ ਹੈ। ਕੋਹਲੀ ਟੈਸਟ ਕਪਤਾਨ ਬਣੇ ਰਹਿ ਸਕਦੇ ਹਨ।
ਬੋਰਡ ਇਹ ਬਦਲਾਅ ਇਸ ਲਈ ਵੀ ਕਰ ਸਕਦਾ ਹੈ ਕਿ ਕਿਉਂਕਿ ਅਗਲੇ ਸਾਲ ਆਸਟਰੇਲੀਆ 'ਚ ਟੀ-20 ਵਰਲਡ ਕੱਪ ਅਤੇ 2023 'ਚ ਭਾਰਤ 'ਚ ਹੀ ਵਨ-ਡੇ ਵਰਲਡ ਕੱਪ ਖੇਡਿਆ ਜਾਵੇਗਾ। ਇਨ੍ਹਾਂ ਅਹਿਮ ਟੂਰਨਾਮੈਂਟ ਦੇ ਮੱਦੇਨਜ਼ਰ ਰੋਹਿਤ ਨੂੰ ਵਨ-ਡੇ ਕ੍ਰਿਕਟ ਦੀ ਕਪਤਾਨੀ ਸੌਂਪੀ ਜਾ ਸਕਦੀ ਹੈ।
ਕਪਤਾਨੀ 'ਚ ਬਦਲਾਅ ਦਾ ਕਾਰਨ
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੀ ਗੈਰ ਮੌਜੂਦਗੀ 'ਚ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਹੀ ਕਪਤਾਨੀ ਦਾ ਜ਼ਿੰਮਾ ਸੰਭਾਲਦੇ ਹਨ। ਬਤੌਰ ਕਪਤਾਨ ਰੋਹਿਤ ਨੇ ਪਿਛਲੇ ਸਾਲ ਟੀਮ ਇੰਡੀਆ ਨੂੰ ਏਸ਼ੀਆ ਕੱਪ ਦਿਵਾਇਆ ਸੀ। ਨਾਲ ਹੀ ਰੋਹਿਤ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਜ਼ ਨੂੰ ਚਾਰ ਵਾਰ ਜੇਤੂ ਬਣਾ ਚੁੱਕੇ ਹਨ।