ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਬਿਆਨ

Sunday, Oct 21, 2018 - 10:10 PM (IST)

ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਬਿਆਨ

ਜਲੰਧਰ— ਵੈਸਟ ਇੰਡੀਜ਼ ਤੋਂ ਮਿਲੇ 323 ਦੌੜਾਂ ਦੀ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਨਜ਼ਰ ਆਏ। ਮੈਚ ਖਤਮ ਹੋਣ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ। ਅਸੀਂ ਵਧੀਆ ਖੇਡ ਖੇਡਿਆ। ਹਾਲਾਂਕਿ ਵੈਸਟ ਇੰਡੀਜ਼ ਨੇ 320 ਤੋਂ ਜ਼ਿਆਦਾ ਦੌੜਾਂ ਬਣਾ ਲਈਆ ਸਨ ਜੋ ਮਜ਼ਬੂਤ ਟੀਚਾ ਸੀ ਪਰ ਸਾਨੂੰ ਇਸ ਟੀਚੇ ਦਾ ਪਿੱਛਾ ਕਰਨ ਲਈ ਸਿਰਫ ਲੰਮੀ ਸਾਂਝੇਦਾਰੀ ਦੀ ਜ਼ਰੂਰਤ ਸੀ।
ਕੋਹਲੀ ਨੇ ਕਿਹਾ ਵੱਡਾ ਟੀਚਾ ਵੀ ਕਦੀਂ ਮੁਸ਼ਕਿਲ ਨਹੀਂ ਹੁੰਦਾ ਜਦੋਂ ਸਾਡੇ ਕੋਲ ਰੋਹਿਤ ਵਰਗੇ ਬੱਲੇਬਾਜ਼ ਹੋਣ। ਸਾਡੇ ਕੋਲ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਵਰਗੇ ਵਧੀਆ ਬੱਲੇਬਾਜ਼ ਹਨ। ਜਦੋਂ ਮੈਂ ਕ੍ਰੀਜ਼ 'ਤੇ ਹੁੰਦਾ ਹਾਂ ਤਾਂ ਹਮੇਸ਼ਾ ਐਂਕਰ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਰੋਹਿਤ ਹੌਲੀ ਖੇਡ ਰਿਹਾ ਸੀ ਤਾਂ ਮੈਂ ਦੌੜਾਂ ਦੀ ਗਤੀ ਬਣਾ ਕੇ ਰੱਖੀ ਸੀ। ਫਿਰ ਰਾਈਡੂ ਕ੍ਰੀਜ਼ 'ਤੇ ਆਏ, ਰੋਹਿਤ ਨੇ ਖੁਦ ਆਖਰ ਤਕ ਸ਼ਾਨਦਾਰ ਖੇਡ ਖੇਡਿਆ।
ਰੋਹਿਤ ਦੇ ਨਾਲ ਦੋਹੜੇ ਸੈਂਕੜੇ ਵਾਲੀ ਸਾਂਝੇਦਾਰੀ ਕਰਨ 'ਤੇ ਕੋਹਲੀ ਨੇ ਕਿਹਾ ਕਿ ਇਹ ਸਾਡੀ 5ਵੀਂ ਜਾਂ 6ਵੀਂ ਦੋਹਰੀ ਸਾਂਝੇਦਾਰੀ ਹੈ। ਉਸ ਨਾਲ ਬੱਲੇਬਾਜ਼ੀ ਕਰਨਾ ਵਧੀਆ ਲੱਗਦਾ ਹੈ। ਜਦੋਂ ਵੀ ਅਸੀਂ ਕ੍ਰੀਜ਼ 'ਤੇ ਹੁੰਦੇ ਹਾਂ ਆਰਾਮ ਨਾਲ ਬੱਲੇਬਾਜ਼ੀ ਕਰਦੇ ਹਾਂ ਤਾਕਿ ਟੀਮ ਨੂੰ ਵਧੀਆ ਸ਼ੁਰੂਆਤ ਦੇ ਸਕੀਏ। ਕਪਤਾਨ ਵਿਰਾਟ ਕੋਹਲੀ (140) ਤੇ ਉਪ ਕਪਤਾਨ ਰੋਹਿਤ ਸ਼ਰਮਾ (ਅਜੇਤੂ 152) ਦੇ ਤੂਫਾਨੀ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 246 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਦੇ 322 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰਦਿਆਂ ਐਤਵਾਰ ਨੂੰ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।


Related News