ਸਮਲਿੰਗੀਆਂ ਨੂੰ ਐਂਟ੍ਰੀ ਨਾ ਦੇਣ ਨੂੰ ਲੈ ਕੇ ਵਿਵਾਦਾਂ ''ਚ ਘਿਰਿਆ ਵਿਰਾਟ ਕੋਹਲੀ ਦਾ ਰੈਸਟੋਰੈਂਟ
Tuesday, Nov 16, 2021 - 06:18 PM (IST)
ਨਵੀਂ ਦਿੱਲੀ- ਟੀ-20 ਵਿਸ਼ਵ ਕੱਪ 2021 ਦੇ ਬਾਅਦ ਖ਼ੁਦ ਨੂੰ ਤਰੋਤਾਜ਼ਾ ਕਰਨ ਲਈ ਵਰਤਮਾਨ ਸਮੇਂ 'ਚ ਰੈਸਟ 'ਤੇ ਚਲ ਰਹੇ ਭਾਰਤੀ ਵਨ-ਡੇ ਤੇ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਅਜੀਬ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ ਕੋਹਲੀ ਦੀ ਮਾਲਕੀ ਵਾਲੀ ਰੈਸਟੋਰੈਂਟ ਚੇਨ 'ਵਨ8 ਕਮਿਊਨ' 'ਤੇ ਦੋਸ਼ ਹੈ ਕਿ ਉਹ ਆਪਣੇ ਰੈਸਟੋਰੈਂਟ 'ਚ ਸਮਲਿੰਗੀਆਂ ਨੂੰ ਐਂਟ੍ਰੀ ਨਹੀਂ ਦੇ ਰਿਹਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਵਾਦ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਹੈ ਮਹਿੰਗੀਆਂ ਘੜੀਆਂ ਦਾ ਸ਼ੌਕ, ਤਸਵੀਰਾਂ 'ਚ ਵੇਖੋ ਕੋਹਲੀ ਦੀਆਂ ਘੜੀਆਂ ਦਾ ਕੁਲੈਕਸ਼ਨ
ਸੋਸ਼ਲ ਮੀਡੀਆ 'ਤੇ ਚਲ ਰਹੀਆਂ ਖ਼ਬਰਾਂ ਦੇ ਮੁਤਾਬਕ ਸਮਲਿੰਗੀ ਪੁਰਸ਼ਾਂ ਨੂੰ ਤਾਂ ਰੈਸਟੋਰੈਂਟ 'ਚ ਦਾਖ਼ਲੇ ਲਈ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ, ਜਦਕਿ ਟ੍ਰਾਂਸਵੁਮੈਨ ਭਾਵ ਸਮਲਿੰਗੀ ਮਹਿਲਾਵਾਂ ਦੇ ਕੱਪੜਿਆਂ ਨੂੰ ਦੇਖ ਕੇ ਰੈਸਟੋਰੈਂਟ 'ਚ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਮਾਮਲੇ 'ਚ ਵਿਵਾਦ ਨੂੰ ਵਧਦੇ ਦੇਖਦੇ ਹੋਏ ਕੰਪਨੀ ਨੇ ਸਫ਼ਾਈ ਦਿੱਤੀ ਹੈ।
'ਵਨ8 ਕਮਿਊਨ' ਨੇ ਕਿਹਾ, 'ਅਸੀਂ ਬਿਨਾ ਕਿਸੇ ਵਿਤਕਰੇ ਦੇ ਸਾਰਿਆਂ ਦਾ ਸਵਾਗਤ ਤੇ ਸਨਮਾਨ ਕਰਦੇ ਹਾਂ'। ਜਿਵੇਂ ਕਿ ਸਾਡਾ ਨਾਂ ਹੈ ਅਸੀਂ ਸਾਰੇ ਭਾਈਚਾਰਿਆਂ ਦੀ ਸੇਵਾ 'ਚ ਹਮੇਸ਼ਾ ਅੱਗੇ ਹਾਂ। ਇੰਡਸਟ੍ਰੀ ਦੇ ਚਲਨ (ਰਿਵਾਜ) ਤੇ ਸਰਕਾਰੀ ਨਿਯਮਾਂ ਦੇ ਮੁਤਾਬਕ, ਸਾਡੇ ਇੱਥੇ ਸਟੈਗ ਐਂਟ੍ਰੀ ਭਾਵ ਇਕੱਲੇ ਆਦਮੀ ਦੇ ਦਾਖ਼ਲੇ 'ਤੇ ਰੋਕ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਵੀ ਭਾਈਚਾਰੇ ਦੇ ਖ਼ਿਲਾਫ ਹਾਂ, ਪਰ ਫਿਰ ਵੀ ਜੇਕਰ ਬੇਧਿਆਨੀ 'ਚ ਕੋਈ ਘਟਨਾ ਵਾਪਰੀ ਹੈ ਜਾਂ ਕੋਈ ਗ਼ਲਤਫਹਿਮੀ ਹੋਈ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਵਿਅਕਤੀ ਸਾਨੂੰ ਮਿਲੇ, ਤਾਂ ਜੋ ਅਸੀਂ ਇਸ ਵਿਵਾਦ ਨੂੰ ਸਹੀ ਤਰੀਕੇ ਨਾਲ ਹਲ ਕਰ ਸਕੀਏ। ਗਾਹਕ ਸਾਡੀ ਤਰਜੀਹ ਹੈ ਤੇ ਉਸ ਨਾਲ ਮਜ਼ਬੂਤ ਤੇ ਲੰਬੇ ਸਬੰਧ ਬਣਾਉਣਾ ਸਾਡੀ ਪ੍ਰਣਾਲੀ (ਸਿਸਟਮ) ਦਾ ਹਿੱਸਾ ਹੈ।'
ਜ਼ਿਕਰਯੋਗ ਹੈ ਕਿ ਸਮਲਿੰਗੀ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸਮੂਹ 'ਯੈੱਸ ਵੀ ਐਗਜ਼ਿਸਟ' ਨੇ ਆਪਣੇ ਬਿਆਨ 'ਚ ਕਿਹਾ, 'ਵਿਰਾਟ ਕੋਹਲੀ ਤੁਸੀਂ ਸ਼ਾਇਦ ਇਸ ਬਾਰੇ ਨਹੀਂ ਜਾਣਦੇ, ਪਰ ਪੁਣੇ 'ਚ ਤੁਹਾਡਾ ਰੈਸਟੋਰੈਂਟ 'ਵਨ8 ਕਮਿਊਨ' ਸਮਲਿੰਗੀ ਮਹਿਮਾਨਾਂ ਦੇ ਨਾਲ ਵਿਤਕਰਾ ਕਰਦਾ ਹੈ। ਹੋਰਨਾਂ ਬ੍ਰਾਂਚਾਂ ਦੀ ਵੀ ਇਸੇ ਤਰ੍ਹਾਂ ਦੀ ਨੀਤੀ ਹੈ। ਇਹ ਹੈਰਾਨੀਜਨਕ ਤੇ ਗ਼ੈਰ ਮਨਜ਼ੂਰ ਹੈ। ਉਮੀਦ ਹੈ ਕਿ ਤੁਸੀਂ ਛੇਤੀ ਇਸ 'ਚ ਬਦਲਾਅ ਕਰੋਗੇ। ਜਾਂ ਤਾਂ ਰੈਸਟੋਰੈਂਟ ਨੂੰ ਸੰਵੇਦਨਸ਼ੀਲ ਬਣਾਉਣ ਲਈ ਬਿਹਤਰ ਕੰਮ ਕਰੋ ਜਾਂ ਵਿਤਕਰਾ ਕਰਨ ਵਾਲੇ ਕਾਰੋਬਾਰਾਂ ਨੂੰ ਬੰਦ ਕਰੋ।' ਜ਼ਿਕਰਯੋਗ ਹੈ ਕਿ ਵਿਰਾਟ ਦਿੱਲੀ ਸਮੇਤ ਪੁਣੇ ਤੇ ਕੋਲਕਾਤਾ 'ਚ 'ਵਨ8 ਕਮਿਊਨ' ਰੈਸਟੋਰੈਂਟ ਚਲਾਉਂਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।