ਕ੍ਰਿਕਟ ਦੀ ਸਿਰਮੌਰ ਬਣਨ ਦੇ ਇਰਾਦੇ ਨਾਲ ਉਤਰੇਗੀ ਵਿਰਾਟ ਸੈਨਾ

10/29/2017 12:44:57 AM

ਕਾਨਪੁਰ— ਨਿਊਜ਼ੀਲੈਂਡ ਵਿਰੁੱਧ ਇਕ ਦਿਨਾ ਲੜੀ ਦੇ ਤੀਜੇ ਤੇ ਆਖਰੀ ਮੁਕਾਬਲੇ 'ਚ ਐਤਵਾਰ ਨੂੰ 'ਵਿਰਾਟ ਸੈਨਾ' ਜਦੋਂ ਇਥੇ ਗ੍ਰੀਨ ਪਾਰਕ ਮੈਦਾਨ 'ਤੇ ਉਤਰੇਗੀ ਤਾਂ ਖਿਤਾਬ ਜਿੱਤਣ ਦੇ ਨਾਲ ਹੀ ਵਨ ਡੇ ਰੈਂਕਿੰਗ 'ਚ ਸਰਵਉੱਚ ਸਥਾਨ ਹਾਸਲ ਕਰਨ ਦੀ ਤਮੰਨਾ ਵੀ ਉਸ ਦੇ ਦਿਮਾਗ 'ਚ ਹੋਵੇਗੀ। ਕਰੀਬ 35 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਹਰਿਆਲੀ ਭਰੇ ਮੈਦਾਨ 'ਚ ਕ੍ਰਿਕਟ ਦਾ ਰੋਮਾਂਚ ਆਪਣੇ ਚੋਟੀ ਦੇ ਪੱਧਰ 'ਤੇ ਹੋਵੇਗਾ। ਕਪਤਾਨ ਵਿਰਾਟ ਕੋਹਲੀ ਤੇ ਲੋਕਲ ਬੁਆਏ ਕੁਲਦੀਪ ਯਾਦਵ ਲਈ ਇਹ ਮੁਕਾਬਲਾ ਖਾਸ ਤੌਰ 'ਤੇ ਬੇਹੱਦ ਖਾਸ ਹੋਵੇਗਾ। ਵਿਰਾਟ ਇਸ ਮੈਚ ਦੇ ਨਾਲ ਹੀ ਗ੍ਰੀਨ ਪਾਰਕ ਮੈਦਾਨ 'ਤੇ ਕ੍ਰਿਕਟ ਦੇ ਤਿੰਨਾਂ ਸਵਰੂਪਾਂ 'ਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲਾ ਪਹਿਲਾ ਕਪਤਾਨ ਬਣ ਜਾਵੇਗਾ, ਜਦਕਿ ਆਖਰੀ-11 'ਚ ਚੁਣੇ ਜਾਣ ਦੀ ਹਾਲਤ ਵਿਚ ਕਾਨਪੁਰ ਵਾਸੀ ਕੁਲਦੀਪ ਨੂੰ ਆਪਣੇ ਘਰੇਲੂ ਮੈਦਾਨ 'ਤੇ ਟੀਮ ਇੰਡੀਆ ਦੇ ਮੈਂਬਰ ਦੇ ਤੌਰ 'ਤੇ ਜੌਹਰ ਦਿਖਾਉਣ ਦਾ ਮੌਕਾ ਮਿਲੇਗਾ।
ਦੋਵੇਂ ਟੀਮਾਂ ਹੁਣ ਇਕ-ਇਕ ਮੈਚ ਜਿੱਤ ਕੇ ਬਰਾਬਰੀ 'ਤੇ ਹਨ। ਅਜਿਹੀ ਹਾਲਤ 'ਚ ਗ੍ਰੀਨ ਪਾਰਕ ਦਾ ਮੈਚ ਦੋਵਾਂ ਟੀਮਾਂ ਲਈ ਅਹਿਮ ਹੈ। ਟੀਮ ਇੰਡੀਆ ਜੇਕਰ ਇਸ ਮੈਚ ਨੂੰ ਜਿੱਤਦੀ ਹੈ ਤਾਂ ਉਹ ਨਾ ਸਿਰਫ ਤਿੰਨ ਦਿਨਾ ਮੈਚਾਂ ਦੀ ਲੜੀ ਆਪਣੇ ਨਾਂ ਕਰ ਲਵੇਗੀ ਸਗੋਂ ਵਰਲਡ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਕਾਬਜ਼ ਦੱਖਣੀ ਅਫਰੀਕਾ ਨੂੰ ਹਟਾ ਕੇ ਬਾਦਸ਼ਾਹਤ ਬਰਕਰਾਰ ਕਰ ਲਵੇਗੀ।
ਨਿਊਜ਼ੀਲੈਂਡ ਨੇ ਇਕ ਦਿਨਾ ਲੜੀ ਦਾ ਆਗਾਜ਼ ਮੁੰਬਈ 'ਚ ਮੇਜ਼ਬਾਨ ਟੀਮ ਵਿਰੁੱਧ ਜਿੱਤ ਹਾਸਲ ਕਰ ਕੇ ਕੀਤਾ ਸੀ, ਹਾਲਾਂਕਿ ਪੁਣੇ 'ਚ ਭਾਰਤੀ ਟੀਮ ਨੇ ਵਾਪਸੀ ਕਰਦਿਆਂ ਮਹਿਮਾਨਾਂ ਨੂੰ ਪਟਕਣੀ ਦਿੱਤੀ ਤੇ ਮੁਕਾਬਲਾ ਬਰਾਬਰੀ 'ਤੇ ਲਿਆ ਦਿੱਤਾ। ਪੁਣੇ ਦੇ ਮੈਚ ਤੋਂ ਬਾਅਦ ਸੀਰੀਜ਼ ਦੇ ਰੋਮਾਂਚ ਦੇ ਪਰਤਦੇ ਹੀ ਕਾਨਪੁਰ 'ਚ ਟਿਕਟਾਂ ਦੀ ਠੰਡੀ ਪਈ ਵਿਕਰੀ ਵਿਚ ਜ਼ਬਰਦਸਤ ਵਾਧਾ ਹੋਇਆ ਤੇ ਆਫਲਾਈਨ ਤੇ ਆਨਲਾਈਨ ਕਾਊਂਟਰ 'ਤੇ ਦਰਸ਼ਕਾਂ ਦੀਆਂ ਲਾਈਨਾਂ ਲੱਗ ਗਈਆਂ। ਗ੍ਰੀਨ ਪਾਰਕ ਉਂਝ ਵੀ ਭਾਰਤੀ ਟੀਮ ਲਈ ਲੱਕੀ ਰਿਹਾ ਹੈ। ਇਥੇ ਹੁਣ ਤਕ ਖੇਡੇ ਗਏ 13 ਮੁਕਾਬਲਿਆਂ ਵਿਚੋਂ ਟੀਮ ਇੰਡੀਆ ਨੇ 9 'ਚ ਜਿੱਤ ਹਾਸਲ ਕੀਤੀ ਹੈ, ਜਦਕਿ 4 ਵਿਚ ਉਸ ਨੂੰ ਹਾਰ  ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਵਿਸ਼ਵ ਕੱਪ ਦਾ ਇਕ ਮੈਚ ਇਥੇ ਬਦਲਵੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ।
ਨਿਊਜ਼ੀਲੈਂਡ ਦੀ ਟੀਮ ਇਸ ਮੈਦਾਨ 'ਤੇ ਆਪਣਾ ਪਹਿਲਾ ਇਕ ਦਿਨਾ ਮੈਚ ਖੇਡੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ 'ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਵਿਰੁੱਧ ਖੇਡੇ ਗਏ ਟੈਸਟ ਮੈਚ ਵਿਚ ਉਸ ਨੂੰ 197 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦੁਧੀਆ ਰੌਸ਼ਨੀ 'ਚ ਇਸ ਮੈਦਾਨ 'ਤੇ ਖੇਡਿਆ ਜਾਣ ਵਾਲਾ ਇਹ ਪਹਿਲਾ ਇਕ ਦਿਨਾ ਮੈਚ ਹੋਵੇਗਾ। ਗੰਗ ਤਟ ਦੇ ਨੇੜੇ ਹੋਣ ਕਾਰਨ ਤ੍ਰੇਲ ਇਸ ਮੈਚ 'ਚ ਅਹਿਮ ਭੂਮਿਕਾ ਨਿਭਾਏਗੀ। ਦੋਵਾਂ ਟੀਮਾਂ ਨੇ ਵੀਰਵਾਰ ਉਦਯੋਗਿਕ ਨਗਰੀ 'ਚ ਆਪਣੀ ਆਮਦ ਦਰਜ ਕਰਾ ਦਿੱਤੀ ਸੀ, ਹਾਲਾਂਕਿ ਸ਼ੁੱਕਰਵਾਰ ਨੂੰ ਸਾਰਾ ਦਿਨ ਹੋਟਲ 'ਚ ਬਿਤਾਉਣ ਤੋਂ ਬਾਅਦ ਮੈਚ ਦੀ ਪੂਰਬਲੀ ਸ਼ਾਮ 'ਤੇ ਦੋਵਾਂ ਟੀਮਾਂ ਨੇ ਇਥੇ ਵਾਰੀ-ਵਾਰੀ ਅਭਿਆਸ ਕੀਤਾ। 
ਇਥੇ ਇਸੇ ਸਾਲ ਜਨਵਰੀ 'ਚ ਖੇਡੇ ਗਏ ਇਕਲੌਤੇ ਟੀ-20 ਮੁਕਾਬਲੇ 'ਚ ਭਾਰਤੀ ਟੀਮ ਨੂੰ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ 'ਚ ਕਪਤਾਨ ਵਿਰਾਟ ਕੋਹਲੀ ਹੀ ਸੀ। ਕੀਵੀ ਇਸ ਮੈਦਾਨ 'ਤੇ ਆਪਣਾ ਪਹਿਲਾ ਵਨ ਡੇ ਮੈਚ ਜਿੱਤਣਾ ਚਾਹੁਣਗੇ, ਜਦਕਿ ਭਾਰਤੀ ਟੀਮ ਇਸ ਮੈਦਾਨ 'ਤੇ ਆਪਣੇ ਰਿਕਾਰਡ ਨੂੰ ਹੋਰ ਮਜ਼ਬੂਤ ਕਰਨ ਉਤਰੇਗੀ।


Related News