ਬਾਇਰਨ ਮਿਊਨਿਖ ਨੂੰ ਵਿਲਾਰੀਅਲ ਨੇ ਹਰਾਇਆ
Friday, Apr 08, 2022 - 05:33 PM (IST)

ਸਪੋਰਟਸ ਡੈਸਕ- ਯੂਏਫਾ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਸਪੈਨਿਸ਼ ਕਲੱਬ ਵਿਲਾਰੀਅਲ ਨੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਛੇ ਵਾਰ ਦੇ ਚੈਂਪੀਅਨ ਜਰਮਨੀ ਦੇ ਕਲੱਬ ਬਾਇਰਨ ਮਿਊਨਿਖ ਖ਼ਿਲਾਫ਼ 1-0 ਦੀ ਜਿੱਤ ਨਾਲ 16 ਸਾਲ ਬਾਅਦ ਸੈਮੀਫਾਈਨਲ ਵਿਚ ਥਾਂ ਬਣਾਉਣ ਦੀ ਉਮੀਦ ਜਗਾਈ। ਪ੍ਰਰੀ-ਕੁਆਰਟਰ ਫਾਈਨਲ ਵਿਚ ਜੁਵੈਂਟਸ ਨੂੰ ਹਰਾਉਣ ਵਾਲੇ ਵਿਲਾਰੀਅਲ ਦੇ ਲਈ ਮੈਚ ਦਾ ਇੱਕੋ ਇਕ ਗੋਲ ਪਹਿਲੇ ਅੱਧ ਵਿਚ ਅੱਠਵੇਂ ਮਿੰਟ ਵਿਚ ਆਰਨਾਟ ਡੇਂਜੁਮਾ ਨੇ ਕੀਤਾ।
ਚੈਂਪੀਅਨਜ਼ ਲੀਗ ਦੇ ਪਿਛਲੇ 30 ਮੁਕਾਬਲਿਆਂ ਵਿਚ ਬਾਇਰਨ ਦੀ ਇਹ ਸਿਰਫ਼ ਦੂਜੀ ਹਾਰ ਹੈ। ਬਾਇਰਨ ਦੀ ਟੀਮ ਚੈਂਪੀਅਨਜ਼ ਲੀਗ ਵਿਚ ਵਿਰੋਧੀ ਟੀਮ ਦੇ ਮੈਦਾਨ 'ਤੇ ਹੋਏ ਪਿਛਲੇ 22 ਮੁਕਾਬਲਿਆਂ ਤੋਂ ਅਜੇਤੂ ਸੀ। ਇਸ ਦੌਰਾਨ ਉਸ ਨੇ 17 ਮੈਚ ਜਿੱਤੇ ਜਦਕਿ ਪੰਜ ਡਰਾਅ ਰਹੇ। ਜਰਮਨੀ ਦਾ ਕਲੱਬ ਹਾਲਾਂਕਿ ਬੁੱਧਵਾਰ ਨੂੰ ਪੂਰੇ ਮੈਚ ਦੌਰਾਨ ਜੂਝਦਾ ਰਿਹਾ ਤੇ ਟੀਮ ਕਿਸਮਤ ਵਾਲੀ ਰਹੀ ਕਿ ਹਾਰ ਦਾ ਫ਼ਰਕ ਸਿਰਫ਼ ਇਕ ਗੋਲ ਦਾ ਰਿਹਾ। ਟੀਮ ਨੂੰ ਚੈਂਪੀਅਨਜ਼ ਲੀਗ ਵਿਚ ਵਿਰੋਧੀ ਮੈਦਾਨ 'ਤੇ ਇਸ ਤੋਂ ਪਹਿਲਾਂ 2017 ਵਿਚ ਪੈਰਿਸ ਸੇਂਟ ਜਰਮੇਨ ਖ਼ਿਲਾਫ਼ ਹਾਰ ਸਹਿਣੀ ਪਈ ਸੀ।