ਵਿਜੇ ਹਜ਼ਾਰੇ ਟਰਾਫੀ : ਰੇਲਵੇ ਤੋਂ ਹਾਰ ਕੇ ਨਾਕਆਊਟ ਦੀ ਦੌੜ ''ਚੋਂ ਬਾਹਰ ਹੋਇਆ ਪੰਜਾਬ
Wednesday, Feb 14, 2018 - 11:07 PM (IST)

ਬੈਂਗਲੁਰੂ— ਸਲਾਮੀ ਬੱਲੇਬਾਜ਼ ਮਨਨ ਵੋਹਰਾ ਦੇ ਸੈਂਕੜੇ ਦੇ ਬਾਵਜੂਦ ਪੰਜਾਬ ਨੂੰ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦੇ ਗਰੁੱਪ-ਏ 'ਚ ਰੇਲਵੇ ਖਿਲਾਫ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਟੀਮ ਨਾਕਆਊਟ ਦੀ ਦੌੜ 'ਚੋਂ ਬਾਹਰ ਹੋ ਗਈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਨਨ ਦੀਆਂ 148 ਗੇਂਦਾਂ 'ਚ 13 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਬਣਾਈਆਂ 143 ਦੌੜਾਂ ਦੀ ਬਦੌਲਤ 8 ਵਿਕਟਾਂ 'ਤੇ 280 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਹਾਲਾਂਕਿ ਸਿਰਫ ਕਪਤਾਨ ਯੁਵਰਾਜ ਸਿੰਘ (35) 30 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ। ਟੀਚੇ ਦਾ ਪਿੱਛਾ ਕਰਦੇ ਹੋਏ ਰੇਲਵੇ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 55 ਦੌੜਾਂ ਤਕ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਅਰਿੰਦਮ ਘੋਸ਼ (ਅਜੇਤੂ 89), ਕਪਤਾਨ ਮਹੇਸ਼ ਰਾਵਤ (56) ਅਤੇ ਅੰਕਿਤ ਯਾਦਵ (55) ਨੇ ਹਾਲਾਂਕਿ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਯਾਦਵ ਨੇ 30 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕੇ ਅਤੇ 2 ਛੱਕੇ ਮਾਰ ਕੇ ਮੈਚ ਦਾ ਰੁਖ਼ ਰੇਲਵੇ ਦੇ ਪੱਖ 'ਚ ਕੀਤਾ, ਜਦਕਿ ਅਨੁਰੀਤ ਸਿੰਘ ਨੇ ਲਗਾਤਾਰ ਗੇਂਦਾਂ 'ਤੇ ਛੱਕਾ ਅਤੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਰੇਲਵੇ ਦੇ 5 ਮੈਚਾਂ 'ਚ 12 ਅੰਕ ਹੋ ਗਏ, ਜਦਕਿ ਪੰਜਾਬ ਨੇ 6 ਮੈਚਾਂ 'ਚ 12 ਅੰਕਾਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ।