ਵਿਜੇ ਹਜ਼ਾਰੇ ਟਰਾਫੀ : ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ ਆਸਾਨੀ ਨਾਲ ਹਰਾਇਆ
Thursday, Feb 25, 2021 - 03:12 AM (IST)
ਇੰਦੌਰ– ਪੰਜਾਬ ਨੇ ਲਗਾਤਾਰ ਮਿਲੀਆਂ ਹਾਰਾਂ ਤੋਂ ਬਾਅਦ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਇਥੇ ਵਿਜੇ ਹਜ਼ਾਰੇ ਟਰਾਫੀ ਦੇ ਗਰੁੱਪ ਬੀ ਮੈਚ ’ਚ ਆਂਧਰਾ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ। ਬੱਲੇਬਾਜ਼ੀ ਦਾ ਸੱਦਾ ਦੇਣ ਤੋਂ ਬਾਅਦ ਪੰਜਾਬ ਨੇ ਸਿਧਾਰਥ ਕੌਲ (4/27) ਅਤੇ ਬਰਿੰਦਰ ਸਰਨ (3/29) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਆਂਧਰਾ ਪ੍ਰਦੇਸ਼ ਨੂੰ 49ਵੇਂ ਓਵਰ ’ਚ 175 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬ ਨੇ ਕਪਤਾਨ ਮਨਦੀਪ ਸਿੰਘ ਦੀਆਂ ਅਜੇਤੂ 64 ਦੌੜਾਂ ਦੀ ਮਦਦ ਨਾਲ 36 ਓਵਰਾਂ ’ਚ ਇਹ ਟੀਚਾ ਹਾਸਲ ਕਰ ਲਿਆ।
ਗਰੁੱਪ ਦੇ ਦੂਜੇ ਮੈਚ ’ਚ ਸਈਅਦ ਅਲੀ ਟ੍ਰਾਫੀ ਜੇਤੂ ਤਾਮਿਲਨਾਡੂ ਨੂੰ ਟੂਰਨਾਮੈਂਟ ’ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਮੱਧ ਪ੍ਰਦੇਸ਼ ਨੇ ਉਸ ਨੂੰ 14 ਦੌੜਾਂ ਨਾਲ ਹਰਾਇਆ। ਮੱਧ ਪ੍ਰਦੇਸ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 225 ਦੌੜਾਂ ਬਣਾਈਆਂ ਜਦਕਿ ਤਾਮਿਲਨਾਡੂ ਇਹ ਟੀਚਾ ਵੀ ਹਾਸਲ ਨਹੀਂ ਕਰ ਸਕੀ।
ਗਰੁੱਪ ਦੇ ਤੀਜੇ ਮੈਚ ’ਚ ਝਾਰਖੰਡ ਨੇ ਵਿਦਰਭ ਨੂੰ 3 ਵਿਕਟਾਂ ਨਾਲ ਹਰਾ ਦਿੱਤਾ, ਜਿਸ ਨਾਲ ਉਹ 3 ਮੈਚਾਂ ’ਚ 3 ਜਿੱਤਾਂ ਨਾਲ ਅੰਕ ਸੂਚੀ ’ਚ ਸਭ ਤੋਂ ਉੱਪਰ ਪਹੁੰਚ ਗਿਆ ਹੈ। ਵਿਦਰਭ ਨੇ 50 ਓਵਰਾਂ ’ਚ 9 ਵਿਕਟਾਂ ’ਤੇ 288 ਦੌੜਾਂ ਬਣਾਈਆਂ ਸਨ। ਝਾਰਖੰਡ ਨੇ ਕੁਮਾਰ ਦੇਵਬ੍ਰਤ ਦੀ 100 ਦੌੜਾਂ ਦੀ ਪਾਰੀ ਦੀ ਮਦਦ ਨਾਲ 49.3 ਓਵਰਾਂ ’ਚ 7 ਵਿਕਟਾਂ ’ਤੇ 294 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।
ਗਰੁੱਪ ਸੀ ਦੇ ਇਕ ਮੈਚ ’ਚ ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਰਨਾਟਕ ਨੂੰ ਓਡਿਸ਼ਾ ’ਤੇ ਜਿੱਤ ਦਿਵਾਉਣ ’ਚ ਮੁੱਖ ਭੂਮਿਕਾ ਨਿਭਾਈ। ਕਰਨਾਟਕ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੱਡੀਕਲ ਦੀਆਂ 152 ਦੌੜਾਂ ਦੀ ਮਦਦ ਨਾਲ 5 ਵਿਕਟਾਂ ’ਤੇ 329 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਓਡਿਸ਼ਾ ਦੀ ਟੀਮ 44 ਓਵਰਾਂ ’ਚ 228 ਦੌੜਾਂ ’ਤੇ ਹੀ ਢੇਰ ਹੋ ਗਈ।
ਗਰੁੱਪ ਸੀ ਦੇ ਇਕ ਹੋਰ ਮੈਚ ’ਚ ਕੇਰਲ ਨੇ ਸੀਨੀਅਰ ਬੱਲੇਬਾਜ਼ ਰੌਬਿਨ ਉਥੱਪਾ (100) ਅਤੇ ਵਿਸ਼ਣੂ ਵਿਨੋਦ (107) ਦੇ ਸੈਂਕੜਿਆਂ ਅਤੇ ਸੰਜੂ ਸੈਮਸਨ (61) ਦੇ ਅਰਧ ਸੈਂਕੜੇ ਦੀ ਬਦੌਲਤ 6 ਵਿਕਟਾਂ ’ਤੇ 351 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਰੇਲਵੇ ਨੇ ਹਾਲਾਂਕਿ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਆਖਿਰ ’ਚ ਉਸ ਦੀ ਟੀਮ 49.4 ਓਵਰਾਂ ’ਚ 344 ਦੌੜਾਂ ’ਤੇ ਹੀ ਆਊਟ ਹੋ ਗਈ। ਰੇਲਵੇ ਵੱਲੋਂ ਮ੍ਰਿਣਾਲ, ਅਰਿੰਦਮ, ਸੌਰਭ ਸਿੰਘ ਅਤੇ ਹਰਸ਼ ਤਿਆਗੀ ਨੇ ਅਰਧ ਸੈਂਕੜੇ ਬਣਾਏ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।