ਮੈਚ ਤੋਂ ਪਹਿਲਾਂ ਭਾਵੁਕ ਹੋਏ ਦਰਸ਼ਕ, ਪੂਰਾ ਹੋਇਆ 7 ਸਾਲਾ ਬੱਚੇ ਦਾ ਸੁਪਨਾ
Wednesday, Dec 26, 2018 - 05:48 PM (IST)

ਮੈਲਬੋਰਨ : ਬਾਕਸਿੰਗ ਡੇ ਟੈਸਟ ਵਿਚ 7 ਸਾਲਾ ਗੇਂਦਬਾਜ਼ ਆਰਚੀ ਸ਼ਿਲਰ ਨੂੰ ਆਸਟਰੇਲੀਆ ਦੀ ਟੀਮ ਵਿਚ ਅੱਜ ਸਹਾਇਕ ਕਪਤਾਨ ਦੇ ਰੂਪ 'ਚ ਸ਼ਾਮਲ ਕੀਤਾ ਗਿਆ। ਲੈੱਗ ਸਪਿਨਰ ਆਰਚੀ ਦਾ ਸਵਾਗਤ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਹਰੀ ਟੋਪੀ ਦੇ ਨਾਲ ਕੀਤਾ ਅਤੇ ਟੀਮ ਦੇ ਸਾਥੀ ਖਿਡਾਰੀ ਵੀ ਉੱਥੇ ਮੌਜੂਦ ਸਨ। ਦੱਸ ਦਈਏ ਕਿ ਆਰਚੀ ਦਿਲ ਦੀ ਬਿਮਾਰੀ ਦਾ ਮਰੀਜ਼ ਹੈ। ਉਸ ਦਾ ਸੁਪਨਾ ਸੀ ਕਿ ਉਹ ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣੇ। ਉੱਥੇ ਹੀ ਆਸਟਰੇਲੀਆ ਟੀਮ ਨੇ ਇਹ ਸਾਫ ਕਰ ਦਿੱਤਾ ਸੀ ਕਿ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਮੈਚ ਵਿਚ ਆਰਚੀ ਟਿਮ ਪੇਨ ਦੇ ਨਾਲ ਟਾਸ ਦੌਰਾਨ ਸਹਾਇਕ ਕਪਤਾਨ ਦੇ ਰੂਪ 'ਚ ਹੋਣਗੇ।
ਆਸਟਰੇਲੀਆ ਨੇ ਕ੍ਰਿਕਟ ਦੇ ਪ੍ਰਸ਼ੰਸਕ 7 ਸਾਲਾ ਆਰਚੀ ਸ਼ਿਲਰ ਨੂੰ ਭਾਰਤ ਖਿਲਾਫ ਮੈਲਬੋਰਨ ਕ੍ਰਿਕਟ ਗ੍ਰਾਊਂਡ 'ਤੇ ਹੋਣ ਵਾਲੇ ਬਾਕਸਿੰਗ ਡੇ ਟੈਸਟ ਲਈ ਆਪਣੀ 15 ਮੈਂਬਰੀ ਟੀਮ 'ਚ ਸ਼ਾਮਲ ਕਰ ਕੇ ਕ੍ਰਿਸਮਸ ਤੋਂ ਪਹਿਲਾਂ ਪ੍ਰਸ਼ੰਸਾਯੋਗ ਕਦਮ ਚੁੱਕਿਆ। ਇਹ ਸਭ 'ਮੇਕ ਏ ਵਿਸ਼ ਆਸਟਰੇਲੀਆ ਫਾਊਂਡੇਸ਼ਨ' ਕਾਰਨ ਸੰਭਵ ਹੋ ਸਕਿਆ। ਇਸ ਨੌਜਵਾਨ ਲੈੱਗ ਸਪਿਨਰ ਨੇ ਇਸ ਮਹੀਨੇ ਦੇ ਸ਼ੁਰੂ 'ਚ ਐਡੀਲੇਡ ਓਵਲ ਵਿਚ ਆਸਟਰੇਲੀਆ ਟੀਮ ਦੇ ਨਾਲ ਨੈੱਟ ਅਭਿਆਸ ਵੀ ਕੀਤਾ ਸੀ। ਜਦੋਂ ਆਰਚੀ ਸਿਰਫ 3 ਮਹੀਨੇ ਦਾ ਸੀ ਉਦੋਂ ਪਤਾ ਚਲਿਆ ਕਿ ਉਸ ਦੇ ਦਿਲ ਦੇ ਵਾਲਵ ਸਹੀ ਨਹੀਂ ਹਨ। ਆਪਣੇ ਜਨਮ ਦੇ ਕੁਝ ਹਫਤਿਆਂ ਬਾਅਦ ਹੀ ਉਸ ਨੂੰ ਮੈਲਬੋਰਨ ਵਿਚ 7 ਘੰਟੇ ਤੋਂ ਵੱਧ ਆਪਰੇਸ਼ਨ ਤੋਂ ਗੁਜ਼ਰਨਾ ਪਿਆ ਸੀ। 6 ਮਹੀਨੇ ਬਾਅਦ ਉਸ ਦਾ ਹੋਰ ਆਪਰੇਸ਼ਨ ਕੀਤਾ ਗਿਆ।
It was a special Baggy Green presentation for the Aussies this morning, as young Archie Schiller received his Test cap from his favourite player!#AUSvIND | @MakeAWishAust pic.twitter.com/gGA0gDAhUB
— cricket.com.au (@cricketcomau) December 26, 2018
ਟਿਮ ਪੇਨ ਨੇ ਕਿਹਾ, ''ਆਰਚੀ ਨੂੰ ਕਪਤਾਨ ਬਣਾਉਣ ਦਾ ਫੈਸਲਾ ਉਸ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਯਕੀਨੀ ਤੌਰ 'ਤੇ ਆਰਚੀ ਅਤੇ ਉਸ ਦੇ ਪਰਿਵਾਰ ਨੂੰ ਮੁਸ਼ਕਲ ਹਾਲਾਤਾਂ 'ਚੋਂ ਗੁਜ਼ਰਨਾ ਪਿਆ ਹੈ। ਜਦੋਂ ਆਰਚੀ ਦੇ ਪਿਤਾ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਬਣਨਾ ਚਾਹੁੰਦੇ ਤਾਂ ਉਸ ਨੇ ਕਿਹਾ ਕਿ ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣਨਾ ਚਾਹੁੰਦਾ ਹਾਂ। ਸਾਨੂੰ ਖੁਸ਼ੀ ਹੈ ਕਿ ਉਹ ਸਾਡੇ ਨਾਲ ਹੈ।''
ਆਸਟਰੇਲੀਆਈ ਟੀਮ : ਟਿਮ ਪੇਨ, ਜੋਸ਼ ਹੇਜ਼ਲਵੁੱਡ, ਮਿਚ ਮਾਰਸ਼, ਪੈਟ ਕਮਿੰਗਸ, ਐਰੌਨ ਫਿੰਚ, ਪੀਟਰ ਹੈਂਡਸਕਾਂਬ, ਮਾਰਕਸ ਹੈਰਿਸ, ਟ੍ਰੈਵਿਸ ਹੇਡ, ਉਸਮਾਨ ਖਵਾਜ਼ਾ, ਨਾਥਨ ਲਿਓਨ, ਸ਼ਾਨ ਮਾਰਸ਼, ਪੀਟਰ ਸਿਡਲ, ਮਿਸ਼ੇਲ ਸਟਾਰਕ, ਆਰਚੀ ਸ਼ਿਲਰ।