ਵਿਦਿਤ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਬਰਾਬਰੀ ''ਤੇ ਰੋਕਿਆ

10/01/2017 2:46:34 PM

ਡਗਲਸ (ਆਇਲ ਆਫ ਮੈਨ), (ਬਿਊਰੋ)— ਵੱਕਾਰੀ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ 7ਵੇਂ ਰਾਊਂਡ 'ਚ ਭਾਰਤ ਲਈ ਚੰਗੀ ਖਬਰ ਬੋਰਡ ਤੋਂ ਆਈ, ਜਦੋਂ ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਬਰਾਬਰੀ 'ਤੇ ਰੋਕ ਲਿਆ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਵਿਦਿਤ ਨੇ ਰੇਟੀ ਓਪਨਿੰਗ 'ਚ ਹੋਏ ਇਸ ਮੈਚ 'ਚ ਮਹਿਜ਼ 31 ਚਾਲਾਂ 'ਚ ਕਾਰਲਸਨ ਨੂੰ ਡਰਾਅ ਕਰਨ 'ਤੇ ਮਜਬੂਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ 2700 ਰੇਟਿੰਗ ਦਾ ਅੰਕੜਾ ਛੂਹਣ ਵਾਲੇ ਵਿਦਿਤ ਨੇ ਵਿਸ਼ਵ ਕੱਪ ਅਤੇ ਆਇਲ ਆਫ ਮੈਨ ਦੇ ਚੰਗੇ ਪ੍ਰਦਰਸ਼ਨ ਦੇ ਬਲਬੂਤੇ 'ਤੇ 2720 ਦਾ ਅੰਕੜਾ ਵੀ ਛੂਹ ਲਿਆ। ਉਸ ਦੀ ਤੇਜ਼ੀ ਦੱਸ ਰਹੀ ਹੈ ਕਿ ਭਾਰਤ ਨੂੰ ਆਨੰਦ ਦੇ ਨਕਸ਼ੇ ਕਦਮ 'ਤੇ ਚੱਲਣ ਵਾਲਾ ਮਿਲ ਗਿਆ ਹੈ। 5.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਿਹਾ ਵਿਦਿਤ ਹੁਣ ਯੂਕ੍ਰੇਨ ਦੇ ਦਿੱਗਜ ਪਾਵੇਲ ਐਲਜਨੋਵ ਨਾਲ ਮੁਕਾਬਲਾ ਖੇਡੇਗਾ।

ਵਿਸ਼ਵਨਾਥਨ ਆਨੰਦ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਕਾਇਮ  
ਇਸ ਸਾਲ 48 ਦੇ ਹੋਣ ਜਾ ਰਹੇ ਵਿਸ਼ਵਨਾਥਨ ਆਨੰਦ ਨੇ ਹਮਵਤਨ ਐੱਸ. ਪੀ. ਸੇਥੂਰਮਨ ਨੂੰ ਹਰਾਉਣ ਤੋਂ ਬਾਅਦ ਇਸ ਰਾਊਂਡ 'ਚ ਅਮਰੀਕਾ ਦੇ ਲੇਂਡਰਮਨ ਅਲੈਕਜ਼ੈਂਡਰ ਨਾਲ ਡਰਾਅ ਖੇਡਦੇ ਹੋਏ 5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜਾ ਸਥਾਨ ਕਾਇਮ ਰੱਖਿਆ ਹੈ। ਆਨੰਦ ਹੁਣ ਫਰਾਂਸ ਦੇ ਫਰੇਸੀਨੇਟ ਲੌਰੇਟ ਨਾਲ ਮੁਕਾਬਲਾ ਖੇਡੇਗਾ।
ਗੱਲ ਕਰੀਏ ਸੇਥੂਰਮਨ ਦੀ ਤਾਂ ਅੱਜ ਫਰਾਂਸ ਦੇ ਦਿੱਗਜ ਵੋਲੇਜੋਂ ਪੋਸ ਨਾਲ ਉਸ ਨੇ ਡਰਾਅ ਖੇਡਿਆ। ਉਹ ਅਗਲੇ ਰਾਊਂਡ 'ਚ 4.5 ਅੰਕਾਂ ਨਾਲ ਪਿਛਲੇ ਵਿਸ਼ਵ ਚੈਂਪੀਅਨ ਵਲਾਦੀਮੀਰ ਕ੍ਰਾਮਨਿਕ ਨਾਲ ਮੁਕਾਬਲਾ ਖੇਡੇਗਾ। ਕ੍ਰਾਮਨਿਕ ਨੇ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੂੰ ਹਰਾਇਆ। ਕਾਰਲਸਨ 6 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ।


Related News