ਧਾਕੜ ਫੁੱਟਬਾਲਰ ਸਰਜਰੀ ਤੋਂ ਬਾਅਦ ਫੀਫਾ ਵਿਸਵ ਕੱਪ ਤੋਂ ਬਾਹਰ
Saturday, Nov 19, 2022 - 02:36 PM (IST)
ਦੋਹਾ : ਸੇਨੇਗਲ ਦੇ ਦਿੱਗਜ ਫੁੱਟਬਾਲ ਖਿਡਾਰੀ ਸਾਦੀਓ ਮਾਨੇ ਪੈਰ ਦੀ ਸੱਟ ਦੀ ਸਰਜਰੀ ਤੋਂ ਬਾਅਦ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਹਨ। ਬਾਇਰਨ ਮਿਊਨਿਖ ਤੇ ਸੇਨੇਗਲ ਫੁੱਟਬਾਲ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ। ਬਾਇਰਨ ਵੱਲੋਂ ਜਾਰੀ ਬਿਆਨ ਮੁਤਾਬਕ 30 ਸਾਲ ਦੇ ਮਾਨੇ ਦੇ ਸੱਜੇ ਪੈਰ ਦਾ ਸ਼ੁੱਕਰਵਾਰ ਦੇਰ ਰਾਤ ਆਸਟ੍ਰੀਆ ਦੇ ਇੰਸਬਰੁਕ ਵਿਚ ਆਪਰੇਸ਼ਨ ਹੋਇਆ। ਉਨ੍ਹਾਂ ਨੂੰ ਇਹ ਸੱਟ ਅੱਠ ਨਵੰਬਰ ਨੂੰ ਵੇਡਰ ਬ੍ਰੇਮੇਨ ਖ਼ਿਲਾਫ਼ ਜਰਮਨ ਲੀਗ ਦੇ ਮੈਚ ਵਿਚ ਲੱਗੀ ਸੀ।
ਦੂਜੇ ਪਾਸੇ ਅਰਜਨਟੀਨਾ ਦੇ ਸਟ੍ਰਾਈਕਰ ਨਿਕੋਲਸ ਗੋਂਜਾਲੇਜ ਤੇ ਜੋਕਵਿਨ ਕੋਰੀਆ ਵੀ ਸੱਟਾਂ ਕਾਰਨ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਹਨ। ਅਰਜਨਟੀਨਾ ਫੁੱਟਬਾਲ ਮਹਾਸੰਘ ਨੇ ਕਿਹਾ ਕਿ ਫਿਓਰੇਂਟੀਨਾ ਕਲੱਬ ਲਈ ਖੇਡਣ ਵਾਲੇ ਗੋਂਜਾਲੇਜ ਵੀਰਵਾਰ ਨੂੰ ਟ੍ਰੇਨਿੰਗ ਸੈਸ਼ਨ ਦੌਰਾਨ ਮਾਸਪੇਸ਼ੀਆਂ ਵਿਚ ਸੱਟ ਲੁਆ ਬੈਠੇ ਤੇ ਹੁਣ ਉਨ੍ਹਾਂ ਦੀ ਥਾਂ ਏਟਲੇਟਿਕੋ ਮੈਡ੍ਰਿਡ ਦੇ ਫਾਰਵਰਡ ਏਜੇਲ ਕੋਰੀਆ ਲੈਣਗੇ। ਮਹਾਸੰਘ ਨੇ ਇਹ ਵੀ ਕਿਹਾ ਕਿ ਜੋਕਵਿਨ ਕੋਰੀਆ ਨੂੰ 26 ਮੈਂਬਰੀ ਟੀਮ ਤੋਂ ਇਕ ਖ਼ਾਸ ਸੱਟ ਕਾਰਨ ਬਾਹਰ ਕੀਤਾ ਗਿਆ। ਇੰਟਰ ਮਿਲਾਨ ਦੇ ਇਸ ਖਿਡਾਰੀ ਦੀ ਥਾਂ ਅਟਲਾਂਟਾ ਯੁਨਾਈਟਿਡ ਦੇ ਫਾਰਵਰਡ ਥਿਆਗੋ ਅਲਮਾਡਾ ਨੂੰ ਸ਼ਾਮਲ ਕੀਤਾ ਗਿਆ ਹੈ।