ਅਗਸਤ ਲਈ ICC ਦੇ ਮਹੀਨੇ ਦੇ ਸਰਬੋਤਮ ਖਿਡਾਰੀ ਚੁਣੇ ਗਏ ਵੇਲਾਲਾਗੇ ਅਤੇ ਹਰਸ਼ਿਤਾ
Monday, Sep 16, 2024 - 06:09 PM (IST)
ਦੁਬਈ : ਸ਼੍ਰੀਲੰਕਾ ਦੇ ਦੁਨਿਥ ਵੇਲਾਲਾਗੇ ਅਤੇ ਹਰਸ਼ਿਤਾ ਸਮਰਵਿਕ੍ਰਮਾ ਨੂੰ ਸੋਮਵਾਰ ਨੂੰ ਅਗਸਤ 2024 ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦਾ ਮਹੀਨੇ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਵੇਲਾਲਾਗੇ ਨੇ ਭਾਰਤ ਖਿਲਾਫ ਘਰੇਲੂ ਵਨਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਹਰਸ਼ਿਤਾ ਨੇ ਆਇਰਲੈਂਡ ਦੇ ਦੌਰੇ 'ਤੇ ਕਾਫੀ ਪ੍ਰਭਾਵਿਤ ਕੀਤਾ।
ਇਸ ਤੋਂ ਪਹਿਲਾਂ ਮਹੀਨੇ ਵਿਚ ਸਿਰਫ਼ ਇਕ ਵਾਰ ਇੱਕੋ ਦੇਸ਼ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਮਹੀਨੇ ਦੇ ਸਰਬੋਤਮ ਖਿਡਾਰੀ ਦਾ ਪੁਰਸਕਾਰ ਮਿਲਿਆ ਹੈ। ਇਸ ਸਾਲ ਜੂਨ ਵਿਚ ਭਾਰਤ ਦੇ ਜਸਪ੍ਰੀਤ ਬੁਮਰਾਹ ਅਤੇ ਉਸ ਦੀ ਹਮਵਤਨ ਸਮ੍ਰਿਤੀ ਮੰਧਾਨਾ ਨੂੰ ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ ਸੀ। ਵੇਲਾਲਾਗੇ ਨੇ ਦੱਖਣੀ ਅਫਰੀਕਾ ਦੇ ਸਪਿੰਨਰ ਕੇਸ਼ਵ ਮਹਾਰਾਜ ਅਤੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਜੇਡੇਨ ਸੀਲਜ਼ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ।
ਭਾਰਤ ਖਿਲਾਫ ਸ਼੍ਰੀਲੰਕਾ ਦੀ 2-0 ਦੀ ਸੀਰੀਜ਼ ਦੀ ਜਿੱਤ ਦੌਰਾਨ ਵੇਲਾਲਾਗੇ ਨੂੰ ਸੀਰੀਜ਼ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਸੀ। ਇਸ 31 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ ਅਜੇਤੂ 67, 39 ਅਤੇ ਦੋ ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਤੀਜੇ ਮੈਚ ਵਿਚ 27 ਦੌੜਾਂ ਦੇ ਕੇ ਪੰਜ ਵਿਕਟਾਂ ਸਮੇਤ ਲੜੀ ਵਿਚ ਕੁੱਲ 7 ਵਿਕਟਾਂ ਵੀ ਲਈਆਂ। ਇਸ ਪੁਰਸਕਾਰ ਦੀ ਸ਼ੁਰੂਆਤ ਤੋਂ ਬਾਅਦ ਇਹ ਪੰਜਵੀਂ ਵਾਰ ਹੈ ਜਦੋਂ ਸ਼੍ਰੀਲੰਕਾ ਪੁਰਸ਼ ਕ੍ਰਿਕਟ ਨੂੰ ਇਹ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ ਐਂਜੇਲੋ ਮੈਥਿਊਜ਼ (ਮਈ 2022), ਪ੍ਰਭਾਤ ਜੈਸੂਰੀਆ (ਜੁਲਾਈ 2022), ਵਾਨਿੰਦੂ ਹਸਾਰੰਗਾ (ਜੂਨ 2023) ਅਤੇ ਕਮਿੰਦੂ ਮੈਂਡਿਸ (ਮਾਰਚ 2024) ਇਹ ਪੁਰਸਕਾਰ ਜਿੱਤ ਚੁੱਕੇ ਹਨ। ਵੇਲਾਲਾਗੇ ਨੇ ਕਿਹਾ ਕਿ ਇਹ ਪੁਰਸਕਾਰ ਬਹੁਤ ਉਤਸ਼ਾਹਜਨਕ ਹੈ।
ਇਹ ਵੀ ਪੜ੍ਹੋ : ਅਸ਼ਵਿਨ ਨੇ ਬੁਮਰਾਹ ਨੂੰ ਚੁਣਿਆ ਸਭ ਤੋਂ ਕੀਮਤੀ ਭਾਰਤੀ ਕ੍ਰਿਕਟਰ, ਰੋਹਿਤ-ਕੋਹਲੀ ਨੂੰ ਕੀਤਾ ਨਜ਼ਰਅੰਦਾਜ਼
ਉਨ੍ਹਾਂ ਕਿਹਾ, ''ਇਹ ਮੇਰੇ ਲਈ ਬਹੁਤ ਚੰਗੀ ਖ਼ਬਰ ਹੈ ਅਤੇ ਇਹ ਮੈਨੂੰ ਬਹੁਤ ਸੰਤੁਸ਼ਟੀ ਦਿੰਦੀ ਹੈ, ਕਿਉਂਕਿ ਇਹ ਸਨਮਾਨ ਮੈਨੂੰ ਇਕ ਖਿਡਾਰੀ ਦੇ ਤੌਰ 'ਤੇ ਆਪਣੇ ਚੰਗੇ ਕੰਮ ਨੂੰ ਜਾਰੀ ਰੱਖਣ ਅਤੇ ਮੈਦਾਨ 'ਤੇ ਉੱਤਮਤਾ ਹਾਸਲ ਕਰਨ ਲਈ ਆਪਣੀ ਟੀਮ ਨੂੰ ਯੋਗਦਾਨ ਦੇਣ ਲਈ ਹੋਰ ਬਲ ਦੇਵੇਗਾ।' ਵੇਲਾਲਾਗੇ ਨੇ ਕਿਹਾ, ''ਆਈਸੀਸੀ ਤੋਂ ਇਸ ਤਰ੍ਹਾਂ ਦੀ ਮਾਨਤਾ ਸਾਡੇ ਵਰਗੇ ਨੌਜਵਾਨ ਖਿਡਾਰੀਆਂ ਲਈ ਬਹੁਤ ਚੰਗੀ ਖ਼ਬਰ ਹੈ ਅਤੇ ਇਹ ਯਕੀਨੀ ਤੌਰ 'ਤੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ।''
ਦੂਜੇ ਪਾਸੇ, ਮਹਿਲਾ ਪੁਰਸਕਾਰ ਦੀ ਦੌੜ ਵਿਚ ਹਰਸ਼ਿਤਾ ਨੇ ਆਇਰਲੈਂਡ ਦੀ ਓਰਲਾ ਪ੍ਰੈਂਡਰਗਾਸਟ ਅਤੇ ਗੈਬੀ ਲੁਈਸ ਦੀ ਜੋੜੀ ਨੂੰ ਹਰਾਇਆ। ਆਇਰਲੈਂਡ ਦੌਰੇ ਦੌਰਾਨ ਹਰਸ਼ਿਤਾ ਵਨਡੇ 'ਚ ਸੈਂਕੜਾ ਲਗਾਉਣ ਵਾਲੀ ਸਿਰਫ ਤੀਜੀ ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਬਣ ਗਈ। 26 ਸਾਲਾ ਖੱਬੇ ਹੱਥ ਦੀ ਬੱਲੇਬਾਜ਼ ਹਰਸ਼ਿਤਾ ਨੇ ਦੋ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 169.66 ਦੀ ਸਟ੍ਰਾਈਕ ਰੇਟ ਨਾਲ ਕੁੱਲ 151 ਦੌੜਾਂ ਬਣਾਈਆਂ, ਜਿਸ ਵਿਚ ਪਹਿਲੇ ਮੈਚ ਵਿਚ 45 ਗੇਂਦਾਂ ਵਿਚ ਅਜੇਤੂ 86 ਦੌੜਾਂ ਦੀ ਮੈਚ ਜੇਤੂ ਪਾਰੀ ਵੀ ਸ਼ਾਮਲ ਹੈ।
ਉਨ੍ਹਾਂ ਬੇਲਫਾਸਟ ਵਿਚ ਤਿੰਨ ਇਕ ਰੋਜ਼ਾ ਮੈਚਾਂ ਵਿਚ 82.69 ਦੀ ਸਟ੍ਰਾਈਕ ਰੇਟ ਨਾਲ 172 ਦੌੜਾਂ ਬਣਾਈਆਂ, ਜਿਸ ਵਿਚ ਦੂਜੇ ਮੈਚ ਵਿਚ 105 ਦੌੜਾਂ ਦੀ ਪਾਰੀ ਵੀ ਸ਼ਾਮਲ ਸੀ। ਹਰਸ਼ਿਤਾ ਸਿਰਫ ਦੂਜੀ ਸ਼੍ਰੀਲੰਕਾਈ ਕ੍ਰਿਕਟਰ ਹੈ ਜਿਸ ਨੂੰ ਆਈਸੀਸੀ ਮਹਿਲਾ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਹੈ। ਸ਼੍ਰੀਲੰਕਾ ਦੀ ਕਪਤਾਨ ਚਾਮਰੀ ਅਟਾਪੱਟੂ ਨੇ ਇਸ ਸਾਲ ਮਈ ਅਤੇ ਜੁਲਾਈ 'ਚ ਦੋ ਵਾਰ ਇਹ ਖਿਤਾਬ ਜਿੱਤਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8