ਪੁੱਤਰ ਵੇਦਾਂਤ ਨੇ ਤੈਰਾਕੀ 'ਚ ਜਿੱਤਿਆ ਸੋਨ ਤਮਗਾ, ਖ਼ੁਸ਼ੀ 'ਚ ਖੀਵੇ ਹੋਏ ਅਦਾਕਾਰ R ਮਾਧਵਨ
Tuesday, Apr 19, 2022 - 12:26 PM (IST)

ਮੁੰਬਈ (ਏਜੰਸੀ)- ਅਦਾਕਾਰ ਆਰ ਮਾਧਵਨ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਉਨ੍ਹਾਂ ਦੇ ਪੁੱਤਰ ਵੇਦਾਂਤ ਨੇ ਕੋਪਨਹੇਗਨ ਵਿੱਚ ਆਯੋਜਿਤ ਡੈਨਿਸ਼ ਓਪਨ ਤੈਰਾਕੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ ਅਤੇ ਉਹ ਇਸ ਪ੍ਰਾਪਤੀ ਲਈ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੇ ਹਨ। ਭਾਰਤ ਦੇ ਉਭਰਦੇ ਤੈਰਾਕ ਵੇਦਾਂਤ ਮਾਧਵਨ ਨੇ ਐਤਵਾਰ ਰਾਤ ਕੋਪਨਹੇਗਨ ਵਿੱਚ ਡੈਨਿਸ਼ ਓਪਨ ਵਿੱਚ ਪੁਰਸ਼ਾਂ ਦੇ 800 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ।
ਵੇਦਾਂਤ (16) ਨੇ 8:17.28 ਦਾ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਥਾਨਕ ਤੈਰਾਕ ਅਲੈਗਜ਼ੈਂਡਰ ਐਲ. ਬਿਜੋਰਨ ਨੂੰ 0.10 ਸਕਿੰਟਾਂ ਨਾਲ ਹਰਾਇਆ। ਵੇਦਾਂਤ ਦੇ ਪਿਤਾ ਅਦਾਕਾਰ ਆਰ ਮਾਧਵਨ ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ 'ਤੇ ਮੈਡਲ ਸਮਾਰੋਹ ਦੀ ਵੀਡੀਓ ਪੋਸਟ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ।
ਮਾਧਵਨ (51) ਨੇ ਇੰਸਟਾਗ੍ਰਾਮ 'ਤੇ ਆਪਣੀ ਪੋਸਟ 'ਚ ਲਿਖਿਆ, ''ਅੱਜ ਵੇਦਾਂਤ ਮਾਧਵਨ ਨੇ 800 ਮੀਟਰ ਤੈਰਾਕੀ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਮੈਂ ਬਹੁਤ ਖੁਸ਼ ਹਾਂ ਅਤੇ ਬਹੁਤ ਪ੍ਰਭਾਵਿਤ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ। ਕੋਚ ਪ੍ਰਦੀਪ ਸਰ, ਭਾਰਤੀ ਤੈਰਾਕੀ ਫੈਡਰੇਸ਼ਨ ਅਤੇ ਪੂਰੀ ਟੀਮ ਦਾ ਧੰਨਵਾਦ।'' ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੇਦਾਂਤ ਨੇ 1500 ਮੀਟਰ ਫ੍ਰੀਸਟਾਈਲ 'ਚ ਚਾਂਦੀ ਦਾ ਤਗਮਾ ਜਿੱਤਿਆ ਅਤੇ 200 ਮੀਟਰ ਫ੍ਰੀਸਟਾਈਲ 'ਚ ਆਪਣੇ ਸਮੇਂ 'ਚ ਸੁਧਾਰ ਕੀਤਾ।