IPL 2026: ਵੈਭਵ ਸੂਰਿਆਵੰਸ਼ੀ ਨੇ ਰਚ''ਤਾ ਇਤਿਹਾਸ, ਤੋੜ''ਤਾ ਕ੍ਰਿਸ ਗੇਲ ਦਾ 14 ਸਾਲ ਪੁਰਾਣਾ ''ਮਹਾਰਿਕਾਰਡ''
Wednesday, May 27, 2026 - 08:40 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਵਿੱਚ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਆਪਣੀ ਤੂਫ਼ਾਨੀ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ਵਿੱਚ ਤਬਾਹੀ ਮਚਾ ਦਿੱਤੀ ਹੈ। ਵੈਭਵ ਨੇ ਆਈਪੀਐਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਦਾ ਸਾਲਾਂ ਪੁਰਾਣਾ ਰਿਕਾਰਡ ਤੋੜ ਕੇ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾ ਲਿਆ ਹੈ।
ਗੇਲ ਦਾ 14 ਸਾਲ ਪੁਰਾਣਾ ਰਿਕਾਰਡ ਟੁੱਟਾ
ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ 61 ਛੱਕੇ ਜੜ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ ਗੇਲ ਦੇ 59 ਛੱਕਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਗੇਲ ਨੇ ਸਾਲ 2012 ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਦਿਆਂ ਬਣਾਇਆ ਸੀ। ਇਸ ਸੂਚੀ ਵਿੱਚ ਹੁਣ ਵੈਭਵ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਗੇਲ (59 ਛੱਕੇ) ਦੂਜੇ ਅਤੇ ਆਂਦਰੇ ਰਸਲ (52 ਛੱਕੇ) ਤੀਜੇ ਸਥਾਨ 'ਤੇ ਹਨ।
ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਖੇਡੇ ਗਏ ਐਲੀਮੀਨੇਟਰ ਮੁਕਾਬਲੇ ਵਿੱਚ ਵੈਭਵ ਤੂਫ਼ਾਨੀ ਬੱਲੇਬਾਜ਼ੀ ਦੇਖਣ ਨੂੰ ਮਿਲੀ। ਉਨ੍ਹਾਂ ਨੇ ਮਹਿਜ਼ 16 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈਪੀਐਲ ਪਲੇਅ-ਆਫ/ਨੌਕਆਊਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦੇ ਸੁਰੇਸ਼ ਰੈਨਾ (16 ਗੇਂਦਾਂ ਬਨਾਮ ਪੰਜਾਬ, 2014) ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
