IPL 2026 ਵਿਚਾਲੇ ਸਟਾਰ ਕ੍ਰਿਕਟਰ ਨੇ ਲਿਆ ਸੰਨਿਆਸ, ਪੰਜਾਬ, RCB ਤੇ MI ਲਈ ਮਚਾ ਚੁੱਕੈ ਧਮਾਲ
Tuesday, May 26, 2026 - 03:03 PM (IST)
ਨਵੀਂ ਦਿੱਲੀ : ਆਈਪੀਐਲ 2026 ਦੇ ਪਲੇਆਫ ਮੁਕਾਬਲਿਆਂ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਕ੍ਰਿਕਟ ਜਗਤ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। 5 ਵੱਖ-ਵੱਖ ਆਈਪੀਐਲ ਫ੍ਰੈਂਚਾਈਜ਼ੀਆਂ ਲਈ ਖੇਡ ਚੁੱਕੇ ਸਟਾਰ ਲੈੱਗ ਸਪਿਨਰ ਮੁਰੂਗਨ ਅਸ਼ਵਿਨ ਨੇ ਮਹਿਜ਼ 35 ਸਾਲ ਦੀ ਉਮਰ ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਮੁਰੂਗਨ ਅਸ਼ਵਿਨ ਨੇ 25 ਮਈ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਘਰੇਲੂ ਕ੍ਰਿਕਟ ਅਤੇ ਆਈਪੀਐਲ ਨੂੰ ਅਲਵਿਦਾ ਕਹਿ ਦਿੱਤਾ। ਉਹ ਪਿਛਲੇ ਕੁਝ ਸਮੇਂ ਤੋਂ ਤਾਮਿਲਨਾਡੂ ਦੀ ਰਾਜ ਟੀਮ ਤੋਂ ਵੀ ਬਾਹਰ ਚੱਲ ਰਹੇ ਸਨ ਅਤੇ ਆਈਪੀਐਲ ਵਿੱਚ ਕੋਈ ਖਰੀਦਦਾਰ ਨਾ ਮਿਲਣ ਕਾਰਨ ਉਨ੍ਹਾਂ ਨੇ ਇਹ ਵੱਡਾ ਕਦਮ ਚੁੱਕਿਆ ਹੈ।
ਧੋਨੀ ਦੀ ਟੀਮ ਨਾਲ ਹੋਈ ਸੀ ਸ਼ੁਰੂਆਤ
ਮੁਰੂਗਨ ਅਸ਼ਵਿਨ ਦੇ ਆਈਪੀਐਲ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਧਮਾਕੇਦਾਰ ਰਹੀ ਸੀ। ਸਾਲ 2016 ਵਿੱਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 10 ਲੱਖ ਰੁਪਏ ਦੀ ਬੇਸ ਪ੍ਰਾਈਸ ਵਾਲੇ ਇਸ ਖਿਡਾਰੀ ਨੂੰ 4.8 ਕਰੋੜ ਰੁਪਏ ਦੀ ਭਾਰੀ ਕੀਮਤ 'ਤੇ ਖਰੀਦਿਆ ਸੀ। ਉਹ ਮਹਿੰਦਰ ਸਿੰਘ ਧੋਨੀ ਦੇ ਪਸੰਦੀਦਾ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਸਨ।
ਕਈ ਟੀਮਾਂ ਲਈ ਨਿਭਾਈ ਅਹਿਮ ਭੂਮਿਕਾ
ਆਪਣੇ ਕਰੀਅਰ ਦੌਰਾਨ ਅਸ਼ਵਿਨ ਨੇ ਕਈ ਪ੍ਰਮੁੱਖ ਟੀਮਾਂ ਦੀ ਨੁਮਾਇੰਦਗੀ ਕੀਤੀ:
ਪੰਜਾਬ ਕਿੰਗਜ਼ : 2019 ਤੋਂ 2021 ਤੱਕ ਤਿੰਨ ਸੀਜ਼ਨ ਖੇਡੇ ਅਤੇ 16 ਵਿਕਟਾਂ ਲਈਆਂ।
ਮੁੰਬਈ ਇੰਡੀਅਨਜ਼ : 2022 ਵਿੱਚ ਟੀਮ ਦਾ ਹਿੱਸਾ ਰਹੇ ਅਤੇ 9 ਵਿਕਟਾਂ ਹਾਸਲ ਕੀਤੀਆਂ।
ਰਾਇਲ ਚੈਲੰਜਰਜ਼ ਬੈਂਗਲੁਰੂ : 2018 ਵਿੱਚ ਟੀਮ ਲਈ 2 ਮੈਚ ਖੇਡੇ।
ਰਾਜਸਥਾਨ ਰਾਇਲਜ਼: 2023 ਵਿੱਚ ਆਪਣਾ ਆਖਰੀ ਆਈਪੀਐਲ ਸੀਜ਼ਨ ਖੇਡਿਆ।
ਘਰੇਲੂ ਅਤੇ ਟੀ-20 ਅੰਕੜੇ
ਮੁਰੂਗਨ ਅਸ਼ਵਿਨ ਦਾ ਘਰੇਲੂ ਕਰੀਅਰ ਵੀ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਤਾਮਿਲਨਾਡੂ ਲਈ 7 ਫਰਸਟ ਕਲਾਸ ਅਤੇ 34 ਲਿਸਟ-ਏ ਮੈਚ ਖੇਡੇ ਹਨ। ਟੀ-20 ਫਾਰਮੈਟ ਵਿੱਚ ਉਨ੍ਹਾਂ ਨੇ ਕੁੱਲ 117 ਮੈਚਾਂ ਵਿੱਚ 117 ਵਿਕਟਾਂ ਹਾਸਲ ਕੀਤੀਆਂ ਹਨ।
