IPL 2026 Final: RCB ਦਾ ਸਾਹਮਣਾ ਅੱਜ ਗੁਜਰਾਤ ਨਾਲ, ਖਾਸ ਗੱਲਾਂ ''ਤੇ ਇਕ ਝਾਤ

Sunday, May 31, 2026 - 11:59 AM (IST)

IPL 2026 Final: RCB ਦਾ ਸਾਹਮਣਾ ਅੱਜ ਗੁਜਰਾਤ ਨਾਲ, ਖਾਸ ਗੱਲਾਂ ''ਤੇ ਇਕ ਝਾਤ

ਅਹਿਮਦਾਬਾਦ : ਆਈਪੀਐਲ (IPL) 2026 ਦਾ ਫਾਈਨਲ ਮੁਕਾਬਲਾ ਅੱਜ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਇਤਿਹਾਸਕ ਮੈਚ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਸ (GT) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਰਜਤ ਪਾਟੀਦਾਰ ਦੀ ਕਪਤਾਨੀ ਹੇਠ RCB ਲਗਾਤਾਰ ਦੂਜੀ ਵਾਰ ਟਰਾਫੀ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ, ਜਦਕਿ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਪੰਜ ਸਾਲਾਂ ਵਿੱਚ ਦੂਜੀ ਵਾਰ ਖ਼ਿਤਾਬ 'ਤੇ ਕਬਜ਼ਾ ਕਰਨਾ ਚਾਹੇਗੀ।

ਫਾਈਨਲ ਤੱਕ ਦਾ ਸਫ਼ਰ 
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕੁਆਲੀਫਾਇਰ-1 ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਸਿੱਧਾ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਦੂਜੇ ਪਾਸੇ, ਗੁਜਰਾਤ ਟਾਈਟਨਸ ਨੇ ਕੁਆਲੀਫਾਇਰ-2 ਵਿੱਚ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕਰਦਿਆਂ ਫਾਈਨਲ ਦਾ ਟਿਕਟ ਹਾਸਲ ਕੀਤਾ।

ਹੈੱਡ-ਟੂ-ਹੈੱਡ ਰਿਕਾਰਡ 
ਦੋਵਾਂ ਟੀਮਾਂ ਵਿਚਾਲੇ ਅੰਕੜਿਆਂ ਦੀ ਜੰਗ ਕਾਫ਼ੀ ਦਿਲਚਸਪ ਹੈ। ਹੁਣ ਤੱਕ ਦੋਵਾਂ ਵਿਚਾਲੇ ਕੁੱਲ 9 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਟਾਈਟਨਸ ਨੇ 5 ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 4 ਮੈਚ ਜਿੱਤੇ ਹਨ।

ਇਨ੍ਹਾਂ ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ

ਗੁਜਰਾਤ ਟਾਈਟਨਸ : ਕਪਤਾਨ ਸ਼ੁਭਮਨ ਗਿੱਲ 15 ਮੈਚਾਂ ਵਿੱਚ 722 ਦੌੜਾਂ ਬਣਾ ਕੇ ਸ਼ਾਨਦਾਰ ਫਾਰਮ ਵਿੱਚ ਹਨ, ਜਦਕਿ ਸਾਈ ਸੁਦਰਸ਼ਨ ਨੇ 16 ਮੈਚਾਂ ਵਿੱਚ 710 ਦੌੜਾਂ ਬਣਾਈਆਂ ਹਨ।

RCB: ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ 600 ਦੌੜਾਂ ਨਾਲ ਟੀਮ ਦੇ ਸਭ ਤੋਂ ਸਫਲ ਬੱਲੇਬਾਜ਼ ਰਹੇ ਹਨ। ਗੇਂਦਬਾਜ਼ੀ ਵਿੱਚ ਭੁਵਨੇਸ਼ਵਰ ਕੁਮਾਰ 26 ਵਿਕਟਾਂ ਨਾਲ ਹਮਲੇ ਦੀ ਅਗਵਾਈ ਕਰ ਰਹੇ ਹਨ। ਇਸ ਤੋਂ ਇਲਾਵਾ ਰਜਤ ਪਾਟੀਦਾਰ, ਦੇਵਦੱਤ ਪਡਿੱਕਲ ਅਤੇ ਕਰੁਣਾਲ ਪਾਂਡਿਆ ਦੀ ਭੂਮਿਕਾ ਵੀ ਅਹਿਮ ਹੋਵੇਗੀ।

ਪਿੱਚ ਅਤੇ ਮੌਸਮ ਦੀ ਰਿਪੋਰਟ
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਲਈ ਅਨੁਕੂਲ ਹੁੰਦੀ ਹੈ, ਜਿੱਥੇ ਵੱਡੇ ਸਕੋਰ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ, ਨਵੀਂ ਗੇਂਦ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮੈਚ ਦੌਰਾਨ ਹਲਕੇ ਬੱਦਲ ਛਾਏ ਰਹਿ ਸਕਦੇ ਹਨ, ਪਰ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋ ਜਾਵੇਗਾ।

ਸੰਭਾਵਿਤ ਪਲੇਇੰਗ 11

RCB: ਫਿਲ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡਿੱਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸਿਖ ਸਲਾਮ ਡਾਰ।

ਗੁਜਰਾਤ ਟਾਈਟਨਸ : ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਰਾਹੁਲ ਤੇਵਤੀਆ, ਜੇਸਨ ਹੋਲਡਰ, ਰਾਸ਼ਿਦ ਖਾਨ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ।


author

Tarsem Singh

Content Editor

Related News