ਅਮਰੀਕਾ, ਇੰਗਲੈਂਡ, ਜਰਮਨੀ ਤੇ ਆਸਟ੍ਰੇਲੀਆ ਨੇ ਪਹਿਲੇ ਖੋ-ਖੋ ਵਿਸ਼ਵ ਕੱਪ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ
Monday, Dec 16, 2024 - 02:00 PM (IST)
ਨਵੀਂ ਦਿੱਲੀ– ਅਮਰੀਕਾ, ਇੰਗਲੈਂਡ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਬ੍ਰਾਜ਼ੀਲ ਨੇ ਭਾਰਤ ਵਿਚ 13 ਤੋਂ 19 ਜਨਵਰੀ 2025 ਤੱਕ ਹੋਣ ਵਾਲੇ ਖੋ-ਖੋ ਵਿਸ਼ਵ ਕੱਪ ਵਿਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ।
ਕੁੱਲ ਮਿਲਾ ਕੇ 24 ਦੇਸ਼ਾਂ ਨੇ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਤੇ ਨੋਇਡਾ ਇਨਡੋਰ ਸਟੇਡੀਅਮ ਵਿਚ ਇਕ ਹਫਤੇ ਤੱਕ ਚੱਲਣ ਵਾਲੀ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਖੋ-ਖੋ ਸੰਘ ਤੇ ਟੂਰਨਾਮੈਂਟ ਦੀ ਆਯੋਜਨ ਕਮੇਟੀ ਦੇ ਮੁਖੀ ਸੁਧਾਂਸ਼ੂ ਮਿੱਤਲ ਨੇ ਦੱਸਿਆ ਕਿ ਪ੍ਰਤੀਯੋਗਿਤਾ ਦਾ ਆਯੋਜਨ ਲੀਗ ਨਾਕਆਊਟ ਦੇ ਰੂਪ ਵਿਚ ਹੋਵੇਗਾ। ਪ੍ਰਤੀਯੋਗਿਤਾ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਵਿਚ ਖੇਡੀ ਜਾਵੇਗੀ।
ਏਸ਼ੀਆਈ ਦੇਸ਼ਾਂ ਵਿਚੋਂ ਇੰਡੋਨੇਸ਼ੀਆ ਆਪਣੀ ਮਹਿਲਾ ਟੀਮ ਭੇਜੇਗਾ ਜਦਕਿ ਹੋਰ ਦੇਸ਼ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਭੇਜਣਗੇ। ਮਿੱਤਲ ਨੇ ਕਿਹਾ ਕਿ 615 ਖਿਡਾਰੀ ਤੇ 125 ਸਹਿਯੋਗੀ ਸਟਾਫ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ।