ਅਰਜਨਟੀਨਾ ਟੀਮ ਦਾ ਦੇਸ਼ ਪਰਤਣ 'ਤੇ ਸ਼ਾਨਦਾਰ ਸੁਆਗਤ, ਮੇਸੀ ਨੂੰ ਹੈਲੀਕਾਪਟਰ ਰਾਹੀਂ ਭੀੜ 'ਚੋਂ ਕੱਢਿਆ ਬਾਹਰ
Wednesday, Dec 21, 2022 - 05:08 PM (IST)

ਸਪੋਰਟਸ ਡੈਸਕ- 36 ਸਾਲਾਂ ਬਾਅਦ, ਅਰਜਨਟੀਨਾ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਿੱਚ ਸਫਲ ਰਿਹਾ। ਇਤਿਹਾਸਕ ਖਿਤਾਬ ਜਿੱਤਣ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀ ਆਪਣੇ ਦੇਸ਼ ਪਰਤ ਗਏ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇੰਨਾ ਹੀ ਨਹੀਂ ਖਿਡਾਰੀਆਂ ਨੇ ਇਤਿਹਾਸਕ ਜਿੱਤ ਦਾ ਜਸ਼ਨ ਵੀ ਆਪਣੇ ਪ੍ਰਸ਼ੰਸਕਾਂ ਨਾਲ ਬੱਸ ਵਿੱਚ ਬੈਠ ਕੇ ਮਨਾਇਆ। ਅਰਜਨਟੀਨਾ ਦੀਆਂ ਸੜਕਾਂ 'ਤੇ ਪ੍ਰਸ਼ੰਸਕਾਂ ਦੀ ਭੀੜ ਦੇਖਣ ਨੂੰ ਮਿਲੀ।
ਦੂਜੇ ਪਾਸੇ ਰਾਜਧਾਨੀ ਬਿਊਨਸ ਆਇਰਸ ਦੀਆਂ ਸੜਕਾਂ 'ਤੇ 40 ਲੱਖ ਤੋਂ ਵੱਧ ਲੋਕ ਆਪਣੇ ਚੈਂਪੀਅਨ ਖਿਡਾਰੀਆਂ ਦਾ ਸਵਾਗਤ ਕਰਨ ਲਈ ਸੜਕਾਂ 'ਤੇ ਉਤਰ ਆਏ। ਸੜਕ 'ਤੇ ਹਾਲਾਤ ਅਜਿਹੇ ਸਨ ਕਿ ਜ਼ਮੀਨ 'ਤੇ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਸੀ।ਪ੍ਰਸ਼ੰਸਕ ਮੇਸੀ ਦੀ ਇੱਕ ਝਲਕ ਪਾਉਣ ਲਈ ਬੇਤਾਬ ਸਨ। ਖਬਰਾਂ ਮੁਤਾਬਕ ਪ੍ਰਸ਼ੰਸਕਾਂ ਦਾ ਕ੍ਰੇਜ਼ ਅਜਿਹਾ ਸੀ ਕਿ ਮੇਸੀ ਨੂੰ ਹੈਲੀਕਾਪਟਰ ਦੀ ਮਦਦ ਨਾਲ ਟੀਮ ਬੱਸ ਤੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਜੇਲ੍ਹ 'ਚ ਬਿਤਾਏ ਦਿਨਾਂ ਨੂੰ ਯਾਦ ਕਰ ਰੋ ਪਿਆ ਇਹ ਧਾਕੜ ਟੈਨਿਸ ਖਿਡਾਰੀ, ਦੱਸਿਆ ਕਿਵੇਂ ਕੱਟੀ ਕੈਦ
ਹੋਇਆ ਇੰਝ ਕਿ ਜਿਸ ਬੱਸ 'ਚ ਮੇਸੀ ਸਫਰ ਕਰ ਰਹੇ ਸਨ, ਉਸ ਨੂੰ ਪ੍ਰਸ਼ੰਸਕਾਂ ਨੇ ਘੇਰ ਲਿਆ। ਟੀਮ ਦੀ ਬੱਸ ਜਦੋਂ ਇਕ ਪੁਲ ਤੋਂ ਲੰਘ ਰਹੀ ਸੀ ਤਾਂ ਕੁਝ ਪ੍ਰਸ਼ੰਸਕਾਂ ਨੇ ਉਸ 'ਤੇ ਛਾਲ ਮਾਰ ਕੇ ਬੱਸ ਵਿਚ ਚੜ੍ਹਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਕ-ਦੋ ਪ੍ਰਸ਼ੰਸਕ ਬੱਸ ਤੋਂ ਡਿੱਗ ਗਏ। ਅਜਿਹੇ 'ਚ ਜਦੋਂ ਪ੍ਰਸ਼ੰਸਕਾਂ ਦੀ ਖਿਡਾਰੀਆ ਪ੍ਰਤੀ ਦੀਵਾਨਗੀ ਹੱਦਾਂ ਪਾਰ ਕਰਨ ਲੱਗੀ ਤਾਂ ਪ੍ਰਸ਼ਾਸਨ ਨੇ ਮੇਸੀ ਨੂੰ ਬੱਸ 'ਚੋਂ ਕੱਢਣ ਦਾ ਫੈਸਲਾ ਕੀਤਾ। ਖਤਰੇ ਨੂੰ ਪਛਾਣਦੇ ਹੋਏ ਪ੍ਰਸ਼ਾਸਨ ਨੇ ਹੈਲੀਕਾਪਟਰ ਦੀ ਮਦਦ ਲੈ ਕੇ ਮੈਸੀ ਅਤੇ ਉਸ ਦੇ ਸਾਥੀਆਂ ਨੂੰ ਬੱਸ 'ਚੋਂ ਉਤਾਰ ਕੇ ਕਿਸੇ ਹੋਰ ਥਾਂ 'ਤੇ ਪਹੁੰਚਾਇਆ।
ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾ ਕੇ ਖਿਤਾਬ ਜਿੱਤਿਆ ਸੀ। ਨਿਯਮਿਤ ਸਮੇਂ ਤੋਂ ਬਾਅਦ ਮੈਚ 2-2 ਨਾਲ ਬਰਾਬਰ ਰਿਹਾ, ਜਦਕਿ ਵਾਧੂ ਸਮੇਂ ਦੇ 30 ਮਿੰਟ ਬਾਅਦ ਸਕੋਰ 3-3 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਨਤੀਜੇ ਲਈ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ। ਆਖਿਰਕਾਰ ਅਰਜਨਟੀਨਾ ਤੀਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਿਚ ਸਫਲ ਰਿਹਾ। ਇਸ ਤੋਂ ਪਹਿਲਾਂ 1978 ਅਤੇ 1986 'ਚ ਅਰਜਨਟੀਨਾ ਵਿਸ਼ਵ ਕੱਪ ਖਿਤਾਬ ਜਿੱਤਣ 'ਚ ਸਫਲ ਰਿਹਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।