ਮੈਸੀ ਲਈ 'ਅਨਲਕੀ' ਵਿਨਸਿਕ ਫਾਈਨਲ 'ਚ ਹੋਣਗੇ ਰੈਫਰੀ, ਵਿਵਾਦਾਂ ਨਾਲ ਰਿਹੈ ਪੁਰਾਣਾ ਨਾਤਾ
Saturday, Jul 18, 2026 - 12:36 PM (IST)
ਨਿਊਯਾਰਕ : ਫੀਫਾ ਵਿਸ਼ਵ ਕੱਪ ਦਾ ਖੁਮਾਰ ਦੁਨੀਆ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕਈ ਪੜਾਵਾਂ ਮਗਰੋਂ ਐਤਵਾਰ ਨੂੰ ਵਿਸ਼ਵ ਕੱਪ ਹੁਣ ਫਾਈਨਲ ਖੇਡਿਆ ਜਾਵੇਗਾ। ਇਹ ਫਾਈਨਲ ਮੈਚ ਅਰਜਨਟੀਨਾ ਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ। ਫੀਫਾ ਨੇ ਸ਼ੁੱਕਰਵਾਰ ਨੂੰ ਇਸ ਫਾਈਨਲ ਮੈਚ ਲਈ ਰੈਫਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਚਰਚਿਤ ਮੈਚ ਵਿੱਚ ਮੁੱਖ ਰੈਫਰੀ ਦੀ ਜ਼ਿੰਮੇਵਾਰੀ ਸਲੋਵੇਨੀਆ ਦੇ ਸਲਾਵਕੋ ਵਿਨਸਿਕ ਨੂੰ ਸੌਂਪੀ ਗਈ ਹੈ।
ਇਸ ਨਿਯੁਕਤੀ ਦੀ ਖ਼ਬਰ ਸੁਣਨ ਤੋਂ ਬਾਅਦ ਅਰਜਨਟੀਨਾ ਫੁੱਟਬਾਲ ਟੀਮ ਦੇ ਪ੍ਰਸ਼ੰਸਕ ਕਾਫੀ ਨਾਖੁਸ਼ ਹਨ ਕਿਉਂਕਿ ਵਿਨਸਿਕ ਦਾ ਅਰਜਨਟੀਨਾ ਨਾਲ ਕੌੜਾ ਇਤਿਹਾਸ ਰਿਹਾ ਹੈ। ਇਸ ਤੋਂ ਇਲਾਵਾ, ਵਿਨਸਿਕ ਨੂੰ ਡਰੱਗਜ਼, ਹਥਿਆਰਾਂ ਅਤੇ ਦੇਹ ਵਪਾਰ ਦੇ ਇੱਕ ਮਾਮਲੇ ਵਿੱਚ ਪੁਲਸ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਦੀ ਨਿਯੁਕਤੀ ਨੂੰ ਕਾਫੀ ਵਿਵਾਦਤ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਖਾਸ ਗੱਲ ਇਹ ਹੈ ਕਿ ਵਿਨਸਿਕ ਨੂੰ ਸਪੇਨ ਲਈ ਕਾਫੀ ਖੁਸ਼ਕਿਸਮਤ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਸਪੇਨ ਨੇ ਕਈ ਵੱਡੇ ਮੁਕਾਬਲੇ ਜਿੱਤੇ ਹਨ।
46 ਸਾਲਾ ਵਿਨਸਿਕ ਕਤਰ ਵਿੱਚ ਹੋਏ ਫੀਫਾ ਵਿਸ਼ਵ ਕੱਪ 2022 ਦੌਰਾਨ 22 ਨਵੰਬਰ ਨੂੰ ਲੁਸੈਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਸਾਊਦੀ ਅਰਬ ਵਿਚਾਲੇ ਹੋਏ ਗਰੁੱਪ ਮੈਚ ਦੇ ਵੀ ਮੁੱਖ ਰੈਫਰੀ ਸਨ। ਇਸ ਮੈਚ ਵਿੱਚ ਅਰਜਨਟੀਨਾ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਟੀਮ ਦਾ ਲਗਾਤਾਰ 36 ਅੰਤਰਰਾਸ਼ਟਰੀ ਮੈਚ ਜਿੱਤਣ ਦਾ ਸਿਲਸਿਲਾ ਟੁੱਟ ਗਿਆ ਸੀ। ਹਾਲਾਂਕਿ ਅਰਜਨਟੀਨਾ ਨੇ ਬਾਅਦ ਵਿੱਚ ਉਹ ਵਿਸ਼ਵ ਕੱਪ ਜਿੱਤਿਆ ਅਤੇ ਹੁਣ ਤੱਕ ਵਿਸ਼ਵ ਕੱਪ ਵਿੱਚ ਲਗਾਤਾਰ 11 ਮੈਚ ਜਿੱਤ ਚੁੱਕੀ ਹੈ, ਪਰ ਪ੍ਰਸ਼ੰਸਕ ਅਜੇ ਵੀ ਉਸ ਹਾਰ ਲਈ ਵਿਨਸਿਕ ਨੂੰ ਹੀ ਦੋਸ਼ੀ ਮੰਨਦੇ ਹਨ।
ਵਿਨਸਿਕ ਇਸ ਮੌਜੂਦਾ ਵਿਸ਼ਵ ਕੱਪ ਵਿੱਚ ਮੈਕਸੀਕੋ ਬਨਾਮ ਇਕਵਾਡੋਰ ਮੈਚ ਦੌਰਾਨ ਵੀ ਰੈੱਡ ਕਾਰਡ ਵਿਵਾਦ ਵਿੱਚ ਫਸੇ ਸਨ। ਉਨ੍ਹਾਂ ਨੇ ਸੈਂਟੀਆਗੋ ਜਿਮੇਨੇਜ਼ ਨਾਲ ਬਹਿਸ ਦੌਰਾਨ ਪੀਏਰੋ ਹਿੰਕਾਪੀ ਨੂੰ ਚੇਤਾਵਨੀ ਦੇਣ ਦੀ ਬਜਾਏ ਸਿੱਧਾ ਰੈੱਡ ਕਾਰਡ ਦਿਖਾ ਦਿੱਤਾ ਸੀ।
ਫੀਫਾ ਦੇ ਰੈਫਰੀ ਵਿਭਾਗ ਵੱਲੋਂ ਫਾਈਨਲ ਲਈ ਆਪਣੀ ਨਿਯੁਕਤੀ ਦੀ ਖ਼ਬਰ ਸੁਣ ਕੇ ਵਿਨਸਿਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਫੀਫਾ ਨੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਹੈ।
ਫੀਫਾ ਵਿਸ਼ਵ ਕੱਪ 2022 ਵਿਨਸਿਕ ਦਾ ਬਤੌਰ ਰੈਫਰੀ ਪਹਿਲਾ ਟੂਰਨਾਮੈਂਟ ਸੀ, ਜਿੱਥੇ ਉਨ੍ਹਾਂ ਨੇ ਕਤਰ ਵਿੱਚ 2 ਮੈਚਾਂ ਵਿੱਚ ਰੈਫਰੀ ਦੀ ਭੂਮਿਕਾ ਨਿਭਾਈ ਸੀ। ਮੌਜੂਦਾ ਵਿਸ਼ਵ ਕੱਪ ਵਿੱਚ ਫਾਈਨਲ ਸਮੇਤ ਉਹ ਕੁੱਲ 4 ਮੈਚਾਂ ਵਿੱਚ ਰੈਫਰੀ ਰਹਿਣਗੇ।
