ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ
Sunday, Jul 12, 2026 - 12:36 PM (IST)
ਈਸਟ ਰਦਰਫੋਰਡ (ਅਮਰੀਕਾ)- ਵਿਸ਼ਵ ਫੁੱਟਬਾਲ ਦੀ ਸਰਵੋਤਮ ਸੰਸਥਾ ਫੀਫਾ ਵਿਸ਼ਵ ਕੱਪ ’ਚ ਕਮਾਈ ਕਰਨ ਦਾ ਕੋਈ ਮੌਕਾ ਨਹੀਂ ਗੁਆ ਰਹੀ ਹੈ ਤੇ ਹੁਣ ਉਸ ਨੇ ਉਸ ਪਿੱਚ ਦੇ ਟੁਕੜਿਆਂ ਨੂੰ ਵੇਚਣ ਦਾ ਫੈਸਲਾ ਵੀ ਕੀਤਾ ਹੈ ਜਿੱਥੇ ਇਸ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ। ਫੀਫਾ ਪਹਿਲਾਂ ਹੀ ਵਿਸ਼ਵ ਕੱਪ ਦੀਆਂ ਟਿਕਟਾਂ ਅਤੇ ਹੋਰ ਚੀਜ਼ਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਣ ਲਈ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ ਤੇ ਹੁਣ ਉਹ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ’ਚ 19 ਜੁਲਾਈ ਨੂੰ ਹੋਣ ਵਾਲੇ ਫਾਈਨਲ ’ਚ ਵਰਤੀ ਜਾਣ ਵਾਲੀ ਪਿੱਚ ਦੇ ਹਰੇਕ ਟੁਕੜੇ ਨੂੰ 450 ਡਾਲਰ (ਲੱਗਭਗ 43000 ਰੁਪਏ) ਦੀ ਦਰ ਨਾਲ ਵੇਚ ਰਿਹਾ ਹੈ।
ਫੀਫਾ ਦੇ ਸਟੋਰ ਦੇ ਅਨੁਸਾਰ ਹਰੇਕ ਟੁਕੜੇ ਦਾ ਅਕਾਰ 17.5 ਗੁਣਾ 17.5 ਗੁਣਾ 17.5 ਹੈ। ਹਾਲਾਂਕਿ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਇਹ ਅੰਕੜਾ ਇੰਚ, ਸੈਂਟੀਮੀਟਰ ਜਾਂ ਮਿਲੀਮੀਟਰ ’ਚ ਹੈ। ਫੁੱਟਬਾਲ ਦੀ ਸੰਸਥਾ ਨੇ ਇਹ ਜਾਣਨ ਲਈ ਭੇਜੀ ਗਈ ਈ-ਮੇਲ ਦਾ ਤੁਰੰਤ ਜਵਾਬ ਨਹੀਂ ਦਿੱਤਾ। ਫੀਫਾ ਦੀ ਵੈੱਬਸਾਈਟ ’ਤੇ ਲਿਖਿਆ ਗਿਆ ਹੈ, ‘‘ਫੁੱਟਬਾਲ ਇਤਿਹਾਸ ਦੇ ਇਕ ਅਸਲੀ ਹਿੱਸੇ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ, ਜਿਹੜਾ ਫੀਫਾ ਵਿਸ਼ਵ ਕੱਪ 2026 ਦੇ (ਫਾਈਨਲ ਦੀ) ਪਿੱਚ ਦਾ ਇਕ ਟੁਕੜਾ ਹੈ।’’
ਮੈਦਾਨ ਦੇ ਇਹ ਟੁਕੜੇ ਹਾਲਾਂਕਿ ਅਮਰੀਕਾ ਤੇ ਯੂਰਪ ਦੇ ਪਤਿਆਂ ’ਤੇ ਹੀ ਭੇਜੇ ਜਾਣਗੇ। ਫੁੱਟਬਾਲ ਪ੍ਰੇਮੀ ਹੁਣ ਤੋਂ ਹੀ ਇਸਦੇ ਲਈ ਆਰਡਰ ਕਰ ਸਕਦੇ ਹਨ ਤੇ ਫਾਈਨਲ ਤੋਂ ਬਾਅਦ ਉਨ੍ਹਾਂ ਨੂੰ ਇਹ ਟੁਕੜੇ ਭੇਜੇ ਜਾਣਗੇ। ਫੀਫਾ ਫਾਈਨਲ ਲਈ ਆਮ ਟਿਕਟ 32,970 ਡਾਲਰ ਤੱਕ ਵੇਚ ਰਿਹਾ ਹੈ। ਉਨ੍ਹਾਂ ਟਿਕਟਾਂ ਦੀ ਕੀਮਤ 34,500 ਡਾਲਰ ਰੱਖੀ ਗਈ ਹੈ, ਜਿਨ੍ਹਾਂ ਦੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਸਹੂਲਤ ਵੀ ਦਿੱਤੀ ਗਈ ਹੈ।
