ਮਿਨੌਰ ਨੂੰ ਹਰਾ ਕੇ ਕੋਬੋਲੀ ਨੇ ਵਿੰਬਲਡਨ ਕੁਆਰਟਰ ਫਾਈਨਲ ’ਚ ਬਣਾਈ ਜਗ੍ਹਾ

Wednesday, Jul 08, 2026 - 10:57 AM (IST)

ਮਿਨੌਰ ਨੂੰ ਹਰਾ ਕੇ ਕੋਬੋਲੀ ਨੇ ਵਿੰਬਲਡਨ ਕੁਆਰਟਰ ਫਾਈਨਲ ’ਚ ਬਣਾਈ ਜਗ੍ਹਾ

ਸਪੋਰਟਸ ਡੈਸਕ- ਇਟਲੀ ਦੇ ਨੌਜਵਾਨ ਟੈਨਿਸ ਖਿਡਾਰੀ ਫਲਾਵਿਓ ਕੋਬੋਲੀ ਨੇ ਵਿੰਬਲਡਨ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5ਵਾਂ ਦਰਜਾ ਪ੍ਰਾਪਤ ਆਸਟ੍ਰੇਲੀਆ ਦੇ ਐਲੈਕਸ ਡੀ ਮਿਨੌਰ ਨੂੰ ਸਿੱਧੇ ਸੈੱਟਾਂ ’ਚ 7-5, 7-6 (7-4), 6-3 ਨਾਲ ਹਰਾ ਕੇ ਪਹਿਲੀ ਵਾਰ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਜਿੱਤ ਤੋਂ ਬਾਅਦ ਕੋਬੋਲੀ ਨੇ ਫੁੱਟਬਾਲ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੇ ਮਸ਼ਹੂਰ ‘ਸਿਊ’ ਜਸ਼ਨ ਦੀ ਨਕਲ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਮੈਚ ਪੁਆਇੰਟ ’ਤੇ ਕੋਬੋਲੀ ਨੇ 135 ਮੀਲ ਪ੍ਰਤੀ ਘੰਟਾ (ਕਰੀਬ 217 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਦਮਦਾਰ ਸਰਵਿਸ ਲਗਾਈ। ਡੀ ਮਿਨੌਰ ਇਸ ਸਰਵਿਸ ਦਾ ਠੀਕ ਤਰ੍ਹਾਂ ਜਵਾਬ ਵੀ ਨਹੀਂ ਦੇ ਸਕਿਆ। ਜਿੱਤ ਪੱਕੀ ਹੁੰਦੇ ਹੀ ਕੋਬੋਲੀ ਨੇ ਪਹਿਲਾਂ ਹਵਾ ’ਚ ਛਲਾਂਗ ਲਗਾਈ, ਫਿਰ ਰੈਕੇਟ ਹੇਠਾਂ ਰੱਖ ਕੇ ਕੋਰਟ ਵਿਚਾਲੇ ਪਹੁੰਚਿਆ ਤੇ ਰੋਨਾਲਡੋ ਦੇ ਅੰਦਾਜ਼ ’ਚ ਹਵਾ ’ਚ ਘੁੰਮਦੇ ਹੋਏ ‘ਸਿਊ’ ਸੈਲੀਬ੍ਰੇਸ਼ਨ ਕੀਤਾ। ਕੋਰਟ ’ਤੇ ਮੌਜੂਦ ਦਰਸ਼ਕਾਂ ਨੇ ਵੀ ਉਸ ਦੇ ਨਾਲ ਜ਼ੋਰਦਾਰ ਅੰਦਾਜ਼ ’ਚ ‘ਸਿਊ...’ ਦਾ ਨਾਅਰਾ ਲਗਾਇਆ। ਕੋਬੋਲੀ ਨੇ ਕਿਹਾ,‘‘ਮੈਨੂੰ ਰੋਨਾਲਡੋ ਦਾ ਸੈਲੀਬ੍ਰੇਸ਼ਨ ਬਹੁਤ ਪਸੰਦ ਹੈ ਤੇ ਮੈਂ ਉਸ ਨੂੰ ਬੇਹੱਦ ਪਸੰਦ ਕਰਦਾ ਹਾਂ।’’

ਇਟਲੀ ਲਗਾਤਾਰ ਤੀਜੇ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕਿਆ, ਪਰ ਦੇਸ਼ ਦੇ ਹੋਰ ਖੇਡ ਸਿਤਾਰੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਕੋਬੋਲੀ ਦੀ ਇਸ ਜਿੱਤ ਨੇ ਫ੍ਰੈਂਚ ਓਪਨ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਦੀ ਵਧਦੀ ਪ੍ਰਸਿੱਧੀ ਨੂੰ ਹੋਰ ਮਜ਼ਬੂਤੀ ਦਿੱਤੀ।

ਬ੍ਰਿਟੇਨ ਦੇ ਆਰਥਰ ਫੇਰੀ ਨੇ ਵਿਸ਼ਵ ਰੈਂਕਿੰਗ ’ਚ ਟਾਪ-5 ’ਚ ਸ਼ਾਮਲ ਰਹੇ ਗ੍ਰਿਗੋਰ ਦਿਮਿਤ੍ਰੋਵ ਨੂੰ 5 ਸੈੱਟਾਂ ਦੇ ਰੋਮਾਂਚਕ ਮੁਕਾਬਲੇ ’ਚ 7-5, 3-6, 4-6, 6-4, 7-6 (9-7) ਨਾਲ ਹਰਾ ਕੇ ਪੇਸ਼ੇਵਰ ਦੌਰ (1968 ਤੋਂ ਬਾਅਦ) ’ਚ ਗ੍ਰੈਂਡ ਸਲੈਮ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੇ ਪਹਿਲੇ ਬ੍ਰਿਟਿਸ਼ ਵਾਈਲਡ ਕਾਰਡ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ। ਬਚਪਨ ’ਚ ਆਲ ਇੰਗਲੈਂਡ ਕਲੱਬ ਤੋਂ ਸਿਰਫ 5 ਮਿੰਟ ਦੀ ਦੂਰੀ ’ਤੇ ਰਹਿਣ ਵਾਲਾ ਫੇਰੀ ਕਦੇ ਸੈਂਟਰ ਕੋਰਟ ’ਤੇ ਰੋਜ਼ਰ ਫੈਡਰਰ ਨੂੰ ਦੇਖਣ ਆਉਂਦਾ ਸੀ। ਇਸ ਵਾਰ ਫੈਡਰਰ ਖੁਦ ਰਾਇਲ ਬਾਕਸ ’ਚ ਬੈਠ ਕੇ ਉਸ ਦਾ ਮੈਚ ਦੇਖ ਰਿਹਾ ਸੀ। ਫੇਰੀ ਨੇ ਕਿਹਾ, ‘‘ਆਲਟਾਈਮ ਮਹਾਨ ਖਿਡਾਰੀਆਂ ’ਚੋਂ ਇਕ ਫੈਡਰਰ ਸਾਹਮਣੇ ਬੈਠ ਕੇ ਮੇਰਾ ਮੈਚ ਦੇਖ ਰਿਹਾ ਸੀ। ਅਜਿਹੇ ਮਾਹੌਲ ’ਚ ਜਿੱਤ ਹਾਸਲ ਕਰਨਾ ਮੇਰੇ ਲਈ ਅਵਿਸ਼ਵਾਸਯੋਗ ਤਜਰਬਾ ਹੈ।’’

ਹੁਣ ਕੁਆਰਟਰ ਫਾਈਨਲ ’ਚ ਫੇਰੀ ਦਾ ਮੁਕਾਬਲਾ ਕੋਬੋਲੀ ਨਾਲ ਹੋਵੇਗਾ। ਇਸ ਸਾਲ ਆਸਟ੍ਰੇਲੀਅਨ ਓਪਨ ਦੇ ਪਹਿਲੇ ਦੌਰ ’ਚ ਫੇਰੀ ਨੇ ਕੋਬੋਲੀ ਨੂੰ ਸਿੱਧੇ ਸੈੱਟਾਂ ’ਚ ਹਰਾਇਆ ਸੀ।


author

Tarsem Singh

Content Editor

Related News