ਅੰਡਰ-19 ਕ੍ਰਿਕਟ ਵਿਸ਼ਵ ਕੱਪ : ਕੈਨੇਡਾ ਨੂੰ ਹਰਾ ਕੇ ਇੰਗਲੈਂਡ ਕੁਆਰਟਰ ਫਾਈਨਲ ''ਚ

01/21/2018 12:02:00 AM

ਕਵੀਂਸ ਟਾਊਨ— ਲਿਆਮ ਬੈਂਕਸ (120) ਤੇ ਵਿਲ ਜੈਕਸ (102) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ 186 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਨੇ ਕੈਨੇਡਾ ਨੂੰ ਸ਼ਨੀਵਾਰ 282 ਦੌੜਾਂ ਨਾਲ ਹਰਾ ਕੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਇੰਗਲੈਂਡ ਨੇ 50 ਓਵਰਾਂ 'ਚ 7 ਵਿਕਟਾਂ 'ਤੇ 383 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਕੈਨੇਡਾ ਨੂੰ 31.5 ਓਵਰਾਂ 'ਚ 101 ਦੌੜਾਂ 'ਤੇ ਢੇਰ ਕਰ ਦਿੱਤਾ। ਬੈਂਕਸ ਨੇ 114 ਗੇਂਦਾਂ ਦੀ ਆਪਣੀ ਪਾਰੀ 'ਚ 12 ਚੌਕੇ ਤੇ 1 ਛੱਕਾ ਲਾਇਆ, ਜਦਕਿ ਜੈਕਸ ਨੇ ਸਿਰਫ 82 ਗੇਂਦਾਂ 'ਚ 11 ਚੌਕੇ ਲਾਏ। ਕੈਨੇਡਾ ਲਈ ਵਿਕਟਕੀਪਰ ਪ੍ਰਣਵ ਸ਼ਰਮਾ ਨੇ ਸਭ ਤੋਂ ਵੱਧ 24 ਦੌੜਾਂ ਬਣਾਈਆਂ। 
ਇੰਗਲੈਂਡ ਲਈ ਪ੍ਰੇਮ ਸਿਸੋਦੀਆ ਨੇ 23 ਦੌੜਾਂ 'ਤੇ 3 ਵਿਕਟਾਂ ਲਈਆਂ। ਐਡਮ ਫਿੰਚ, ਰੋਮਨ ਵਾਕਰ ਤੇ ਲਿਊ ਹਾਲਮੈਨ ਨੇ 2-2 ਵਿਕਟਾਂ ਲਈਆਂ। ਇੰਗਲੈਂਡ ਦੀ ਇਹ ਲਗਾਤਾਰ ਤੀਜੀ ਜਿੱਤ ਰਹੀ ਤੇ ਉਹ ਗਰੁੱਪ-ਸੀ 'ਚ ਚੋਟੀ 'ਤੇ ਰਿਹਾ। ਬੈਂਕਸ ਨੂੰ 'ਮੈਨ ਆਫ ਦਿ ਮੈਚ' ਐਵਾਰਡ ਦਿੱਤਾ ਗਿਆ।


Related News