ਗੇਂਦ ’ਤੇ ਲਾਰ ਲਾਉਣ ’ਤੇ ਅੰਪਾਇਰ ਵਲੋਂ ਸਟੋਕਸ ਨੂੰ ਚੇਤਾਵਨੀ
Friday, Mar 26, 2021 - 05:46 PM (IST)
ਪੁਣੇ (ਭਾਸ਼ਾ) : ਇੰਗਲੈਂਡ ਦੇ ਹਰਫਨਮੌਲਾ ਬੇਨ ਸਟੋਕਸ ਨੂੰ ਭਾਰਤ ਖ਼ਿਲਾਫ਼ ਸ਼ੁੱਕਰਵਾਰ ਨੂੰ ਦੂਜੇ ਇਕ ਦਿਨਾ ਕ੍ਰਿਕਟ ਮੈਚ ਦੌਰਾਨ ਗੇਂਦ ’ਤੇ ਲਾਰ ਲਾਉਣ ਕਾਰਨ ਮੈਦਾਨੀ ਅੰਪਾਇਰਾਂ ਨੇ ਅਧਿਕਾਰਤ ਤੌਰ ’ਤੇ ਚੇਤਾਵਨੀ ਦਿੱਤੀ। ਇਹ ਘਟਨਾ ਚੌਥੇ ਓਵਰ ਦੌਰਾਨ ਵਾਪਰੀ, ਜਦੋਂ ਸਟੋਕਸ ਨੂੰ ਗੇਂਦ ’ਤੇ ਲਾਰ ਲਾਉਂਦਿਆਂ ਦੇਖਿਆ ਗਿਆ।ਮੈਦਾਨੀ ਅੰਪਾਇਰ ਨਿਤਿਨ ਮੈਨਨ ਅਤੇ ਵਰਿੰਦਰ ਸ਼ਰਮਾ ਨੇ ਕਪਤਾਨ ਜੋਸ ਬਟਲਰ ਨੂੰ ਚੇਤਾਇਆ। ਉਸ ਨੇ ਇਸੇ ਓਵਰ ’ਚ ਸਲਿੱਪ ’ਚ ਰੀਸੇ ਟਾਪਲੀ ਦੀ ਗੇਂਦ ’ਤੇ ਸ਼ਿਖਰ ਧਵਨ ਦਾ ਕੈਚ ਫੜਿਆ।
ਕੋਰੋਨਾ ਦੀ ਲਾਗ (ਮਹਾਮਾਰੀ) ਤੋਂ ਬਾਅਦ ਖੇਡ ਦੀ ਸ਼ੁਰੂਆਤ ਹੋਣ ’ਤੇ ਆਈ. ਸੀ. ਸੀ. ਨੇ ਗੇਂਦ ’ਤੇ ਲਾਰ ਦੀ ਵਰਤੋਂ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਸਟੋਕਸ ਨੂੰ ਦੂਜੀ ਵਾਰ ਇਹ ਚੇਤਾਵਨੀ ਮਿਲੀ ਹੈ। ਉਸ ਨੇ ਅਹਿਮਦਾਬਾਦ ਵਿਚ ਗੁਲਾਬੀ ਗੇਂਦ ਨਾਲ ਖੇਡੇ ਗਏ ਟੈਸਟ ਦੌਰਾਨ ਵੀ ਗੇਂਦ ’ਤੇ ਲਾਰ ਲਾਈ ਸੀ।