ਪਿਤਾ ਕਰਦੇ ਸਨ ਖਾਨ ''ਚ ਮਜ਼ਦੂਰੀ, ਕਾਲਜ ''ਚ ਦਾਖਲਾ ਲੈਣ ਲਈ ਨਹੀਂ ਹੁੰਦੇ ਸਨ ਇਸ ਕ੍ਰਿਕਟਰ ਕੋਲ ਪੈਸੇ

11/22/2017 10:52:23 AM

ਨਵੀਂ ਦਿੱਲੀ, (ਬਿਊਰੋ)— ਕ੍ਰਿਕਟ ਭਾਵੇਂ ਅਜਿਹਾ ਖੇਡ ਹੈ ਜਿਸ 'ਚ ਖਿਡਾਰੀਆਂ ਨੂੰ ਸ਼ੋਹਰਤ ਅਤੇ ਪੈਸਾ ਖੂਬ ਮਿਲਦਾ ਹੈ। ਪਰ ਉਹ ਖਿਡਾਰੀ ਕਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਤੋਂ ਇਸ ਮੁਕਾਮ ਤੱਕ ਪਹੁੰਚਦੇ ਹਨ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। 25 ਅਕਤੂਬਰ 1987 ਨੂੰ ਨਾਗਪੁਰ 'ਚ ਤਿਲਕ ਯਾਦਵ ਦੇ ਘਰ 3 ਬੱਚਿਆਂ ਦੇ ਬਾਅਦ ਜੰਮੇ ਉਮੇਸ਼ ਤੰਗ ਹਾਲਾਤਾਂ 'ਚ ਪਲੇ -ਵਧੇ। ਤਿਲਕ ਯਾਦਵ ਉਂਝ ਤਾਂ ਮੂਲ ਰੂਪ ਨਾਲ ਯੂਪੀ ਦੇ ਸਨ ਪਰ ਉੱਥੇ ਉਹ ਕੋਲਾ ਖਾਨ 'ਚ ਬਤੌਰ ਮਜ਼ਦੂਰ ਕੰਮ ਕਰਨ ਦੇ ਚਲਦੇ ਆਪਣੇ ਪਰਿਵਾਰ ਦੇ ਨਾਲ ਨਾਗਪੁਰ ਦੇ ਇਕ ਪਿੰਡ 'ਚ ਗੁਜ਼ਾਰਾ ਕਰ ਰਹੇ ਸਨ।

ਪਿਤਾ ਦੀ ਇੱਛਾ ਸੀ ਕਿ 2 ਧੀਆਂ ਅਤੇ 2 ਪੁੱਤਰਾਂ 'ਚੋਂ ਕੋਈ ਇਕ ਔਲਾਦ ਕਾਲਜ 'ਚ ਪੜ੍ਹੇ ਪਰ ਮਾਲੀ ਹਾਲਾਤ ਅਜਿਹੇ ਨਹੀਂ ਸਨ। ਚਾਹੁਣ ਦੇ ਬਾਵਜੂਦ ਇਹ ਨਹੀਂ ਹੋ ਸਕਿਆ। ਘਰ ਦਾ ਖਰਚ ਹੀ ਬੇਹੱਦ ਮੁਸ਼ਕਲ ਨਾਲ ਨਿਕਲ ਰਿਹਾ ਸੀ। ਅਜਿਹੇ 'ਚ ਉਮੇਸ਼ ਦਾ ਕਾਲਜ 'ਚ ਪੜ੍ਹਨ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਗਿਆ। ਉਮੇਸ਼ ਪ੍ਰਤਿਭਾਵਾਨ ਸਨ, ਤਾਂ ਕ੍ਰਿਕਟ 'ਚ ਹੱਥ ਆਜ਼ਮਾਇਆ। ਪਿਤਾ ਨੂੰ ਆਪਣਾ ਫੈਸਲਾ ਦੱਸਿਆ ਅਤੇ ਵਿਦਰਭ ਵੱਲੋਂ ਖੇਡਣ ਲੱਗੇ।

ਉਮੇਸ਼ ਯਾਦਵ ਨੇ ਜਦੋਂ 20 ਸਾਲਾਂ ਦੀ ਉਮਰ 'ਚ ਪਹਿਲੇ ਦਰਜੇ ਦੇ ਕ੍ਰਿਕਟ 'ਚ ਆਪਣਾ ਆਗਾਜ਼ ਕੀਤਾ ਤਾਂ ਉਨ੍ਹਾਂ ਨੂੰ ਲਾਲ ਰੰਗ ਦੀ ਐੱਸ.ਜੀ. ਟੈਸਟ ਗੇਂਦ ਨਾਲ ਖੇਡਣ ਦਾ ਅੰਦਾਜ਼ਾ ਨਹੀਂ ਸੀ ਪਰ ਭਾਰਤ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਜਾਣਦੇ ਸਨ ਕਿ ਆਪਣੀ ਰਫਤਾਰ ਹਾਸਲ ਕਰਨ ਦੀ ਸਮਰਥਾ ਨਾਲ ਉਨ੍ਹਾਂ ਨੂੰ ਉੱਚ ਪੱਧਰ 'ਤੇ ਅੱਗੇ ਵਧਣ 'ਚ ਮਦਦ ਮਿਲੇਗੀ।

2008 'ਚ ਉਮੇਸ਼ ਨੂੰ ਰਣਜੀ 'ਚ ਖੇਡਣ ਦਾ ਸੁਨਹਿਰੀ ਮੌਕਾ ਮਿਲਿਆ, ਜਿਸ ਦਾ ਉਨ੍ਹਾਂ ਬਖੂਬੀ ਲਾਹਾ ਲੈਂਦੇ ਹੋਏ 75 ਦੌੜਾਂ ਦੇ ਕੇ 4 ਵਿਕਟ ਹਾਸਲ ਕੀਤੇ। ਇਸ ਦੇ ਚਲਦੇ ਦਲੀਪ ਟਰਾਫੀ 'ਚ ਚਾਂਸ ਮਿਲਿਆ ਅਤੇ 2010 'ਚ ਕਿਸਮਤ ਨੇ ਸਾਥ ਦਿੱਤਾ ਤਾਂ ਉਮੇਸ਼ ਯਾਦਵ ਨੂੰ ਦਿੱਲੀ ਡੇਅਰਡੇਵਿਲਸ ਵੱਲੋਂ 18 ਲੱਖ ਰੁਪਏ 'ਚ ਆਈ.ਪੀ.ਐੱਲ. ਦੇ ਲਈ ਖਰੀਦ ਲਿਆ ਗਿਆ। ਇੱਥੋਂ ਹੀ ਪਰਿਵਾਰ ਦੀ ਮਾਲੀ ਹਾਲਤ 'ਚ ਕੁਝ ਹੱਦ ਤੱਕ ਸੁਧਾਰ ਹੋਣ ਲੱਗਾ। ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਉਮੇਸ਼ ਨੂੰ 2010 'ਚ ਹੀ ਵਨਡੇ ਅਤੇ ਅਗਲੇ ਸਾਲ ਟੈਸਟ 'ਚ ਡੈਬਿਊ ਦਾ ਮੌਕਾ ਮਿਲਿਆ। ਹਾਲਾਂਕਿ ਪਿਤਾ ਚਾਹੁੰਦੇ ਸਨ ਕਿ ਉਮੇਸ਼ ਪੁਲਸ 'ਚ ਭਰਤੀ ਹੋਵੇ ਪਰ ਕਿਸਮਤ ਨੂੰ ਇਹ ਮਨਜ਼ੂਰ ਸੀ ਕਿ ਉਹ ਕ੍ਰਿਕਟਰ ਬਣਨ।


Related News