ਯੁਗਾਂਡਾ 'ਚ ਵਾਪਰਿਆ ਕਿਸ਼ਤੀ ਹਾਦਸਾ, 3 ਫੁੱਟਬਾਲਰਾਂ ਦੀ ਮੌਤ ਤੇ 20 ਲਾਪਤਾ
Monday, May 20, 2019 - 10:03 PM (IST)

ਕੰਪਾਲਾ— ਯੁਗਾਂਡਾ ਦੇ ਕੰਪਾਲਾ ਵਿਚ ਫੁੱਟਬਾਲ ਖਿਡਾਰੀਆਂ ਤੇ ਪ੍ਰਸ਼ੰਸਕਾਂ ਨਾਲ ਭਰੀ ਇਕ ਕਿਸ਼ਤੀ ਦੇ ਅਲਬਰਟ ਝੀਲ ਵਿਚ ਪਲਟ ਜਾਣ ਨਾਲ 3 ਦੀ ਮੌਤ ਹੋ ਗਈ ਹੈ ਅਤੇ 20 ਲੋਕ ਅਜੇ ਵੀ ਲਾਪਤਾ ਹਨ। ਸਥਾਨਕ ਮੀਡੀਆ ਅਨੁਸਾਰ ਅਜੇ ਤਕ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿਚ ਇਕ ਮਹਿਲਾ ਗੋਲਕੀਪਰ ਸ਼ਾਮਲ ਹੈ। ਹਾਦਸੇ ਵਿਚ 20 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਤੇ 30 ਲੋਕਾਂ ਦੇ ਮਰਨ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਅੰਕੜਿਆਂ ਦੀ ਪੁਸ਼ਟੀ ਨਹੀਂ ਹੋਈ ਹੈ।
ਯਾਤਰੀ ਦਰਅਸਲ ਹੋਇਮਾ ਜ਼ਿਲੇ ਦੇ ਫੋਫੋ ਖੇਤਰ ਦੇ ਕੋਲੋਂ ਦੇ ਰੰਗਾ ਇਲਾਕੇ ਵਿਚ ਮਹਿਲਾ ਤੇ ਪੁਰਸ਼ ਫੁੱਟਬਾਲ ਮੈਚ ਖੇਡਣ ਲਈ ਜਾ ਰਹੇ ਸਨ ਪਰ ਰਸਤੇ ਵਿਚ ਹੀ ਕਿਸ਼ਤੀ ਪਲਟ ਗਈ। ਹਾਦਸੇ ਦਾ ਕਾਰਨ ਫਿਲਹਾਲ ਕਿਸ਼ਤੀ ਵਿਚ ਵੱਧ ਯਾਤਰੀਆਂ ਦਾ ਸਵਾਰ ਹੋਣਾ ਦੱਸਿਆ ਜਾ ਰਿਹਾ ਹੈ। ਬਚਾਅ ਮੁਹਿੰਮ ਵਿਚ ਅਜੇ ਤਕ 25 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਮਛਿਆਰੇ ਹਨ। ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਹਾਦਸਾ 2016 ਵਿਚ ਵਿਕਟੋਰੀਆ ਝੀਲ ਵਿਚ ਵੀ ਹੋਇਆ ਸੀ, ਜਿੱਥੇ ਕਿਸ਼ਤੀ ਪਲਟਣ ਨਾਲ 30 ਫੁੱਟਬਾਲਰਾਂ ਦੀ ਮੌਤ ਹੋ ਗਈ ਸੀ।