U19 World Cup : ਬੰਗਲਾਦੇਸ਼ ਦੇ ਖ਼ਿਲਾਫ਼ ਜਿੱਤ ਨਾਲ ਸ਼ੁਰੂਆਤ ਕਰਨ ਉਤਰੇਗਾ ਭਾਰਤ
Friday, Jan 19, 2024 - 06:51 PM (IST)
ਬਲੋਮਫੋਂਟੇਨ– ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਕਾਮਯਾਬ ਸਾਬਕਾ ਚੈਂਪੀਅਨ ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ ਸ਼ਨੀਵਾਰ ਨੂੰ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ ਤਾਂ ਉਦੈ ਸਹਾਰਨ ਦੀ ਕਪਤਾਨੀ ਵਿਚ ਉਸਦਾ ਟੀਚਾ ਇਸ ਪ੍ਰਪੰਰਾ ਨੂੰ ਅੱਗੇ ਵਧਾਉਣ ਦਾ ਹੋਵੇਗਾ। ਗਰੁੱਪ-ਏ ਵਿਚ 5 ਵਾਰ ਦੀ ਚੈਂਪੀਅਨ ਭਾਰਤੀ ਟੀਮ ਪਹਿਲੇ ਦੌਰ ਵਿਚ ਏਸ਼ੀਆਈ ਵਿਰੋਧੀ ਨਾਲ ਖੇਡੇਗੀ। ਇਸ ਤੋਂ ਬਾਅਦ ਆਇਰਲੈਂਡ ਤੇ ਅਮਰੀਕਾ ਨਾਲ ਮੁਕਾਬਲਾ ਹੋਵੇਗਾ।
ਇਹ ਵੀ ਪੜ੍ਹੋ- ਭਾਰਤ 'ਚ ਸੀਰੀਜ਼ ਜਿੱਤਣ ਲਈ ਪ੍ਰਸ਼ੰਸਕ ਬਣਾਓ : ਇੰਗਲੈਂਡ ਦੇ ਸਾਬਰਾ ਤੇਜ਼ ਗੇਂਦਬਾਜ਼
ਭਾਰਤ ਨੇ 2002 ਵਿਚ ਮੁਹੰਮਦ ਕੈਫ ਦੀ ਕਪਤਾਨੀ ’ਚ ਪਹਿਲਾ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਤੋਂ 2008, 2012, 2018 ਤੇ 2022 ਵਿਚ ਭਾਰਤ ਚੈਂਪੀਅਨ ਰਿਹਾ। ਆਈ. ਸੀ. ਸੀ. ਦਾ ਇਹ ਟੂਰਨਾਮੈਂਟ ਪਹਿਲਾਂ ਸ਼੍ਰੀਲੰਕਾ ਵਿਚ ਹੋਣਾ ਸੀ ਪਰ ਐਨ ਮੌਕੇ ’ਤੇ ਦੱਖਣੀ ਅਫਰੀਕਾ ਨੂੰ ਮੇਜ਼ਬਾਨੀ ਸੌਂਪੀ ਗਈ।
ਹਰ ਗਰੁੱਪ ਤੋਂ ਚੋਟੀ ਦੀਆਂ 3 ਟੀਮਾਂ ਸੁਪਰ ਸਿਕਸ ਵਿਚ ਪਹੁੰਚਣਗੀਆਂ। ਸੈਮੀਫਾਈਨਲ 8 ਤੇ 6 ਫਰਵਰੀ ਨੂੰ ਜਦਕਿ ਫਾਈਨਲ 11 ਫਰਵਰੀ ਨੂੰ ਬੇਨੋਨੀ ਵਿਚ ਹੋਵੇਗਾ। ਭਾਰਤੀ ਟੀਮ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਕਈ ਕੈਂਪਾਂ ਤੋਂ ਬਾਅਦ ਇੱਥੇ ਆਈ ਹੈ ਤੇ ਇਸ ਨੇ ਦੋ ਹੀ ਟੂਰਨਾਮੈਂਟ (ਏਸ਼ੀਆ ਕੱਪ ਤੇ ਦੱਖਣੀ ਅਫਰੀਕਾ ਵਿਚ ਤਿਕੋਣੀ ਲੜੀ) ਖੇਡੇ ਹਨ। ਏਸ਼ੀਆ ਕੱਪ ਵਿਚ ਭਾਰਤ ਸੈਮੀਫਾਈਨਲ ਵਿਚ ਹਾਰ ਗਿਆ ਸੀ, ਜਿਸ ਵਿਚ ਬੰਗਲਾਦੇਸ਼ ਨੇ ਉਸ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਉਸ ਤੋਂ ਬਾਅਦ ਹਾਲਾਂਕਿ ਦੱਖਣੀ ਅਫਰੀਕਾ ਵਿਚ ਤਿਕੋਣੀ ਲੜੀ ਭਾਰਤ ਨੇ ਅਜੇਤੂ ਰਹਿ ਕੇ ਜਿੱਤੀ, ਜਿਸ ਵਿਚ ਅਫਗਾਨਿਸਤਾਨ ਤੀਜੀ ਟੀਮ ਸੀ। ਫਾਈਨਲ ਮੀਂਹ ਦੀ ਭੇਟ ਚੜ੍ਹਨ ਕਾਰਨ ਭਾਰਤ ਤੇ ਦੱਖਣੀ ਅਫਰੀਕਾ ਸਾਂਝੇ ਤੌਰ ’ਤੇ ਜੇਤੂ ਰਹੇ ਹਨ।
ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ
ਭਾਰਤੀ ਟੀਮ ਵਿਚ ਅਰਸ਼ਿਨ ਕੁਲਕਰਣੀ ਵੀ ਹੈ ਜਿਹੜਾ ਆਈ. ਪੀ. ਐੱਲ. ਵਿਚ ਕਰਾਰ ਹਾਸਲ ਕਰਨ ਵਾਲਾ ਇਸ ਟੀਮ ਦਾ ਦੂਜਾ ਖਿਡਾਰੀ ਹੈ। ਮਹਾਰਾਸ਼ਟਰ ਪ੍ਰੀਮੀਅਰ ਲੀਗ ਦੀ ਖੋਜ ਅਰਸ਼ਿਨ ਨੇ ਟੂਰਨਾਮੈਂਟ ਵਿਚ 9 ਛੱਕੇ ਲਗਾਏ ਸਨ। ਉੱਥੇ ਹੀ, ਚੇਨਈ ਸੁਪਰ ਕਿੰਗਜ਼ ਨੇ ਅਰਾਵੇਲੀ ਅਸ਼ਵਿਨ ਦੇ ਨਾਲ ਕਰਾਰ ਕੀਤਾ ਹੈ, ਜਿਸ ਨੇ ਨਵੰਬਰ ਵਿਚ 4 ਦੇਸ਼ਾਂ ਦੀ ਲੜੀ ਵਿਚ 93 ਗੇਂਦਾਂ ’ਚ 163 ਦੌੜਾਂ ਬਣਾਈਆਂ ਸਨ।
ਪਿਛਲੇ ਸਾਲ ਕੂਚ ਬੇਹਾਰ ਟਰਾਫੀ ਵਿਚ ‘ਪਲੇਅਰ ਆਫ ਦਿ ਟੂਰਨਾਮੈਂਟ’ ਰਹੇ ਮੁਸ਼ੀਰ ਖਾਨ ਤੇ ਕਪਤਾਨ ਉਦੈ ਸਹਾਰਨ ’ਤੇ ਵੀ ਨਜ਼ਰਾਂ ਹੋਣਗੀਆਂ। ਗੇਂਦਬਾਜ਼ ਰਾਜ ਲਿੰਬਾਨੀ ਨੇ ਹਾਲ ਹੀ ਵਿਚ ਨੇਪਾਲ ਵਿਰੁੱਧ 7 ਵਿਕਟਾਂ ਲਈਆਂ ਸਨ ਜਦਕਿ ਉਪ ਕਪਤਾਨ ਸਵਾਮੀ ਪਾਂਡੇ ਨੇ ਅਫਗਾਨਿਸਤਾਨ ਵਿਰੁੱਧ 6 ਵਿਕਟਾਂ ਲਈਆਂ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8