ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਫਾਈਨਲ ''ਚ ਪੁੱਜੀ ਆਸਟ੍ਰੇਲੀਆ, ਖ਼ਿਤਾਬੀ ਮੁਕਾਬਲੇ ''ਚ ਭਾਰਤ ਨਾਲ ਹੋਵੇਗੀ ਟੱਕਰ
Thursday, Feb 08, 2024 - 11:23 PM (IST)
ਸਪੋਰਟਸ ਡੈਸਕ- ਗੇਂਦਬਾਜ਼ ਟਾਮ ਸਟ੍ਰੇਕਰ ਦੀਆਂ 6 ਵਿਕਟਾਂ ਅਤੇ ਹੈਰੀ ਡਿਕਸਨ ਦੇ ਅਰਧ-ਸੈਂਕੜੇ ਦੇ ਦਮ ’ਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਦੱਖਣੀ ਅਫਰੀਕਾ ਦੇ ਵਿਲੋਮੂਰ ਸਟੇਡੀਅਮ 'ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਰੋਮਾਂਚਕ ਜਿੱਤ ਹਾਸਲ ਕਰ ਲਈ ਹੈ। ਇਸ ਤਰ੍ਹਾਂ ਆਸਟ੍ਰੇਲੀਆ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਫਾਈਨਲ ’ਚ ਪਹੁੰਚ ਗਈ ਹੈ, ਜਿੱਥੇ ਉਸ ਦਾ ਸਾਹਮਣਾ ਪਿਛਲੀ ਵਾਰ ਦੀ ਚੈਂਪੀਅਨ ਭਾਰਤ ਨਾਲ ਹੋਵੇਗਾ। ਫਾਈਨਲ ਐਤਵਾਰ ਨੂੰ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ।
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਸਟ੍ਰੇਕਰ (24 ਦੌੜਾਂ ਦੇ 6 ਵਿਕਟ) ਦੀ ਘਾਤਕ ਗੇਂਦਬਾਜ਼ੀ ਅੱਗੇ ਪਾਕਿਸਤਾਨੀ ਬੱਲੇਬਾਜ਼ ਗੋਡੇ ਟੇਕਦੇ ਨਜ਼ਰ ਆਏ, ਜਿਸ ਕਾਰਨ ਪਾਕਿਸਤਾਨੀ ਟੀਮ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸਿਰਫ 179 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵੱਲੋਂ ਸਿਰਫ਼ ਅਰਾਫਾਤ ਮਿਨਹਾਸ (52 ਦੌੜਾਂ) ਅਤੇ ਅਜਾਨ ਅਵੇਸ (52 ਦੌੜਾਂ) ਹੀ ਟਿਕ ਕੇ ਖੇਡਣ 'ਚ ਕਾਮਯਾਬ ਰਹੇ, ਨਹੀਂ ਤਾਂ ਇਹ ਸਕੋਰ ਹੋਰ ਘੱਟ ਹੁੰਦਾ।
ਆਸਟ੍ਰੇਲੀਆਈ ਟੀਮ ਵੀ ਪਾਕਿਸਤਾਨੀ ਗੇਂਦਬਾਜ਼ਾਂ ਅੱਗੇ ਲੜਖੜਾਉਂਦੀ ਨਜ਼ਰ ਆਈ, ਇਸ ਦੇ ਬਾਵਜੂਦ ਟੀਮ 49.1 ਓਵਰਾਂ ’ਚ 9 ਵਿਕਟਾਂ ਗੁਆ ਕੇ ਟੀਚਾ ਹਾਸਲ ਕਰਨ 'ਚ ਸਫਲ ਰਹੀ। ਇਸ ਜਿੱਤ ਨਾਲ ਆਸਟ੍ਰੇਲੀਆ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ, ਜਿੱਥੇ ਉਹ ਖ਼ਿਤਾਬ ਲਈ ਭਾਰਤ ਨਾਲ ਭਿੜੇਗੀ। ਆਸਟ੍ਰੇਲੀਆ ਦੀ ਜਿੱਤ 'ਚ ਡਿਕਸਨ (75 ਗੇਂਦਾਂ ’ਚ 50 ਦੌੜਾਂ, 5 ਚੌਕੇ) ਅਤੇ ਓਲਿਵਰ ਪੀਕੇ (75 ਗੇਂਦਾਂ ’ਚ 49 ਦੌੜਾਂ, 3 ਚੌਕੇ) ਦੀਆਂ ਪਾਰੀਆਂ ਦਾ ਅਹਿਮ ਯੋਗਦਾਨ ਰਿਹਾ।
ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਭਾਰਤੀ ਟੀਮ ਆਪਣਾ 9ਵਾਂ ਫਾਈਨਲ ਖੇਡੇਗੀ, ਜਦਕਿ ਆਸਟ੍ਰੇਲੀਆ ਦਾ ਇਹ ਛੇਵਾਂ ਫਾਈਨਲ ਹੋਵੇਗਾ। ਭਾਰਤ ਨੇ ਰਿਕਾਰਡ 5 ਵਾਰ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ, ਜਦਕਿ ਆਸਟ੍ਰੇਲੀਆ ਦੇ ਨਾਂ 3 ਟਰਾਫੀਆਂ ਹਨ। ਪਿਛਲੀ ਵਾਰ ਆਸਟ੍ਰੇਲੀਆ ਨੇ 2010 ਵਿਚ ਇਹ ਟਰਾਫੀ ਪਾਕਿਸਤਾਨ ਨੂੰ ਹਰਾ ਕੇ ਜਿੱਤੀ ਸੀ। ਦੱਸ ਦੇਈਏ ਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਇਸੇ ਸਟੇਡੀਅਮ 'ਚ 11 ਫਰਵਰੀ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e