U19 CWC : ਭਾਰਤ ਨੇ 3 ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਕੁਆਰਟਰ ਫਾਈਨਲ 'ਚ ਹਰਾਇਆ
Tuesday, Jan 28, 2020 - 09:12 PM (IST)

ਨਵੀਂ ਦਿੱਲੀ— ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਤਹਿਤ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਮੁਕਾਬਲੇ 'ਚ ਭਾਰਤੀ ਟੀਮ ਨੇ 74 ਦੌੜਾਂ ਨਾਲ ਜਿੱਤ ਕਰਨ 'ਚ ਸਫਲਤਾ ਹਾਸਲ ਕੀਤੀ। ਭਾਰਤੀ ਟੀਮ ਮੈਚ 'ਚ ਸ਼ੁਰੂ ਤੋਂ ਹੀ ਹਾਵੀ ਰਹੀ ਸੀ। ਪਹਿਲਾਂ ਖੇਡਦੇ ਹੋਏ ਭਾਰਤੀ ਟੀਮ ਨੇ ਯਸ਼ਸਵੀ ਜਾਇਸਵਾਲ ਤੇ ਦਿਵਿਆਂਸ਼ ਸਕਸੇਨਾ ਦੀ ਬਦੌਲਤ ਵਧੀਆ ਸ਼ੁਰੂਆਤ ਕੀਤੀ। ਯਸ਼ਸਵੀ ਤਾਂ ਇਸ ਦੌਰਾਨ ਪੂਰੀ ਲੈਅ 'ਚ ਨਜ਼ਰ ਆਏ। ਉਸ ਨੇ 82 ਗੇਂਦਾਂ 'ਚ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਆਸਟਰੇਲੀਆ ਨੂੰ 233 ਦੌੜਾਂ ਦਾ ਟੀਚਾ ਦਿੱਤਾ।
ਜਵਾਬ 'ਚ ਖੇਡਣ ਉਤਰੀ ਆਸਟਰੇਲੀਆ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਭਾਰਤੀ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਪਹਿਲੇ ਹੀ ਓਵਰ 'ਚ ਆਸਟਰੇਲੀਆ ਨੂੰ ਤਿੰਨ ਝਟਕੇ ਦੇ ਦਿੱਤੇ। ਤੀਜੇ ਓਵਰ 'ਚ 17 ਦੌੜਾਂ 'ਤੇ ਚਾਰ ਵਿਕਟਾਂ ਗਵਾਉਣ ਵਾਲੀ ਆਸਟਰੇਲੀਆ ਨੂੰ ਸਲਾਮੀ ਬੱਲੇਬਾਜ਼ ਸੈਮ ਫੈਨਿੰਗ ਦਾ ਸਹਾਰਾ ਮਿਲਿਆ। ਫੈਨਿੰਗ ਨੇ 127 ਗੇਂਦਾਂ 'ਚ 7 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ ਪਰ ਸੈਮ ਤੋਂ ਬਾਅਦ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ ਤੇ ਆਸਟਰੇਲੀਆ ਦੀ ਟੀਮ ਨੂੰ 159 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਵਲੋਂ ਸਭ ਤੋਂ ਸਫਲ ਗੇਂਦਬਾਜ਼ ਕਾਰਤਿਕ ਤਿਆਗੀ ਹੀ ਰਹੇ। ਉਸ ਨੇ 24 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।