U-19 WC : ਭਾਰਤ ਨੂੰ ਹਰਾ ਬੰਗਲਾਦੇਸ਼ ਬਣਿਆ ਅੰਡਰ-19 ਵਿਸ਼ਵ ਕੱਪ ਚੈਂਪੀਅਨ

02/09/2020 9:44:55 PM

ਪੋਟਚੇਫਸਟੂਮ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਕਬਰ ਅਲੀ ਦੀ ਕਪਤਾਨੀ ਪਾਰੀ ਨਾਲ ਬੰਗਲਾਦੇਸ਼ ਨੇ ਮੀਂਹ ਪ੍ਰਭਾਵਿਤ ਘੱਟ ਸਕੋਰ ਵਾਲੇ ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿਚ ਸਾਬਕਾ ਚੈਂਪੀਅਨ ਭਾਰਤ ਨੂੰ ਡਕਵਰਥ ਲੂਈਸ ਨਿਯਮ ਤਹਿਤ 3 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ। ਇਹ ਕ੍ਰਿਕਟ ਦੇ ਕਿਸੇ ਵੀ ਫਾਰਮੈੱਟ ਵਿਚ ਬੰਗਲਾਦੇਸ਼ ਦਾ ਪਹਿਲਾ ਖਿਤਾਬ ਵੀ ਹੈ।

PunjabKesari
ਭਾਰਤ ਦੀਆਂ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ ਜਦੋਂ 41 ਓਵਰਾਂ ਵਿਚ 7 ਵਿਕਟਾਂ 'ਤੇ 163 ਦੌੜਾਂ ਬਣਾ ਲਈਆਂ ਸਨ, ਉਦੋਂ ਮੀਂਹ ਕਾਰਣ ਖੇਡ ਰੋਕਣੀ ਪਈ। ਮੈਚ ਦੁਬਾਰਾ ਸ਼ੁਰੂ ਹੋਣ 'ਤੇ ਬੰਗਲਾਦੇਸ਼ ਨੂੰ 46 ਓਵਰਾਂ ਵਿਚ 170 ਦੌੜਾਂ ਦਾ ਟੀਚਾ ਮਿਲਿਆ, ਜਿਹੜਾ ਉਸ ਨੇ 42.1 ਓਵਰਾਂ ਵਿਚ 7 ਵਿਕਟਾਂ 'ਤੇ 170 ਦੌੜਾਂ ਬਣਾ ਕੇ ਹਾਸਲ ਕਰ ਲਿਆ। ਅਕਬਰ ਨੇ 77 ਗੇਂਦਾਂ ਵਿਚ 4 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 43 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਪਰਵੇਜ਼ ਹੁਸੈਨ ਇਮੋਨ ਨੇ ਜਕੜਨ ਨਾਲ ਪ੍ਰੇਸ਼ਾਨ ਹੋਣ ਦੇ ਬਾਵਜੂਦ 47 ਦੌੜਾਂ ਬਣਾਈਆਂ। ਭਾਰਤ ਨੂੰ ਘੱਟ ਸਕੋਰ ਵਾਲੇ ਮੈਚ ਵਿਚ ਦਿਸ਼ਾਹੀਣ ਗੇਂਦਬਾਜ਼ੀ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਟੀਮ ਨੇ 33 ਵਾਧੂ ਦੌੜਾਂ ਦਿੱਤੀਆਂ, ਜਿਸ ਨੇ ਵੱਡਾ ਫਰਕ ਪੈਦਾ ਕਰ ਦਿੱਤਾ। ਚਾਰ ਵਾਰ ਦੇ ਚੈਂਪੀਅਨ ਭਾਰਤ ਵਲੋਂ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ 30 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਸੁਸ਼ਾਂਤ ਮਿਸ਼ਰਾ ਨੇ ਵੀ 25 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਸਨ।
ਇਸ ਤੋਂ ਪਹਿਲਾਂ ਅਭਿਸ਼ੇਕ ਦਾਸ (40 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਨੇ ਭਾਰਤ ਨੂੰ 47.3 ਓਵਰਾਂ ਵਿਚ 177 ਦੌੜਾਂ 'ਤੇ ਰੋਕ ਦਿੱਤਾ ਸੀ। ਭਾਰਤ ਵਲੋਂ ਯਸ਼ਸਵੀ ਜਾਇਸਵਾਲ ਨੇ ਇਕ ਵਾਰ ਫਿਰ ਬਿਹਤਰੀਨ ਬੱਲੇਬਾਜ਼ੀ ਕੀਤੀ ਤੇ 121 ਗੇਂਦਾਂ ਵਿਚ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਤਿਲਕ ਵਰਮਾ ਨੇ 65 ਗੇਂਦਾਂ 'ਤੇ 3 ਚੌਕਿਆਂ ਦੇ ਸਹਾਰੇ 38 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਵਿਚਾਲੇ 92 ਦੌੜਾਂ ਦੀ ਇਕਲੌਤੀ ਵੱਡੀ ਸਾਂਝੇਦਾਰੀ ਹੋਈ। ਸਾਬਕਾ ਜੇਤੂ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਉਸਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਭਾਰਤ ਦੀ ਪਾਰੀ ਵਿਚ ਯਸ਼ਸਵੀ ਤੇ ਤਿਲਕ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚਮਤਕਾਰ ਨਹੀਂ ਕਰ ਸਕਿਆ।

ਟੀਮਾਂ ਇਸ ਤਰ੍ਹਾਂ ਹਨ :
ਬੰਗਲਾਦੇਸ਼ ਅੰਡਰ-19 : ਪਰਵੇਜ ਹੁਸੈਨ ਇਮੋਨ, ਤੰਜੀਦ ਹਸਨ, ਮਹਿਮੂਦੁਲ ਹਸਨ ਜਾਏ, ਤੌਹੀਦ ਹਿਰਦਯ, ਸ਼ਹਾਦਤ ਹੁਸੈਨ, ਸ਼ਮੀਮ ਹੁਸੈਨ, ਅਕਬਰ ਅਲੀ (ਕਪਤਾਨ ਤੇ ਵਿਕਟਕੀਪਰ), ਰਕੀਬੁਲ ਹਸਨ, ਸ਼ੋਰਫੁਲ ਇਸਲਾਮ, ਤਨਜੀਮ ਹਸਨ, ਸਕੀਬ, ਹਸਨ ਮੁਰਾਦ।
ਭਾਰਤ ਅੰਡਰ-19 : ਯਸ਼ਸਵੀ ਜੈਸਵਾਲ, ਦਿਵਿਆਂਸ਼ ਸਕਸੈਨਾ, ਤਿਲਕ ਵਰਮਾ, ਪ੍ਰਿਯਮ ਗਰਗ (ਕਪਤਾਨ), ਧਰੁਵ ਜੁਰੇਲ, ਸਿਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਆਕਾਸ਼ ਸਿੰਘ।

 


Related News