IPL 2027 Auction ਬਾਰੇ ਵੱਡੀ ਅਪਡੇਟ, ਦਸੰਬਰ ਦੇ ਇਸ ਦਿਨ ਲੱਗ ਸਕਦੀ ਹੈ ਖਿਡਾਰੀਆਂ ਦੀ ਬੋਲੀ

Saturday, Sep 19, 2026 - 02:37 PM (IST)

IPL 2027 Auction ਬਾਰੇ ਵੱਡੀ ਅਪਡੇਟ, ਦਸੰਬਰ ਦੇ ਇਸ ਦਿਨ ਲੱਗ ਸਕਦੀ ਹੈ ਖਿਡਾਰੀਆਂ ਦੀ ਬੋਲੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2027 ਦੀ ਨੀਲਾਮੀ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ। 'ਕ੍ਰਿਕਇਨਫੋ' ਦੀ ਰਿਪੋਰਟ ਅਨੁਸਾਰ, IPL 2027 ਲਈ ਖਿਡਾਰੀਆਂ ਦੀ ਨੀਲਾਮੀ ਦਸੰਬਰ ਦੇ ਦੂਜੇ ਹਫ਼ਤੇ, ਯਾਨੀ 7 ਦਸੰਬਰ ਤੋਂ 13 ਦਸੰਬਰ ਦੇ ਵਿਚਕਾਰ ਹੋਵੇਗੀ। 2028 ਦੀ ਮੁੱਖ (ਮੈਗਾ) ਨੀਲਾਮੀ ਤੋਂ ਪਹਿਲਾਂ ਇਹ ਆਖਰੀ ਮਿਨੀ ਆਕਸ਼ਨ ਹੋਵੇਗੀ।

ਪਿਛਲੇ ਤਿੰਨ ਸਾਲਾਂ ਤੋਂ ਆਈ.ਪੀ.ਐੱਲ. ਦੀ ਨੀਲਾਮੀ ਵਿਦੇਸ਼ੀ ਧਰਤੀ (ਦੁਬਈ, ਜੇਦਾਹ ਅਤੇ ਅਬੂ ਧਾਬੀ) 'ਚ ਆਯੋਜਿਤ ਕੀਤੀ ਜਾ ਰਹੀ ਸੀ, ਪਰ ਇਸ ਵਾਰ ਇਹ ਸਮਾਗਮ ਭਾਰਤ ਵਿੱਚ ਹੀ ਖੇਡਿਆ ਜਾਵੇਗਾ। ਆਈ.ਪੀ.ਐੱਲ. ਦੇ ਚੇਅਰਮੈਨ ਅਰੁਣ ਸਿੰਘ ਧੂਮਲ ਨੇ ਦੱਸਿਆ ਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਅਕਸਰ ਵੈਨਿਊ (ਸਥਾਨ) ਮਿਲਣ 'ਚ ਦਿੱਕਤ ਆਉਂਦੀ ਸੀ, ਪਰ ਕਿਉਂਕਿ ਇਹ ਛੋਟੀ ਨੀਲਾਮੀ ਹੈ, ਇਸ ਲਈ ਇਸ ਵਾਰ ਭਾਰਤ ਵਿੱਚ ਹੀ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਆਈ.ਪੀ.ਐੱਲ. ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਬੀ.ਸੀ.ਸੀ.ਆਈ. ਇਸ ਟੂਰਨਾਮੈਂਟ ਨੂੰ ਹੋਰ ਵੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਔਰਤਾਂ ਦੇ ਪ੍ਰੀਮੀਅਰ ਲੀਗ (ਡਬਲਯੂਪੀਐੱਲ) 2027 ਦੀ ਨੀਲਾਮੀ ਦੀ ਤਾਰੀਖ਼ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਡਬਲਯੂਪੀਐੱਲ ਆਕਸ਼ਨ 28 ਅਕਤੂਬਰ ਨੂੰ ਕੋਚੀ ਦੇ 'ਗ੍ਰੈਂਡ ਹਯਾਤ' ਹੋਟਲ 'ਚ ਹੋਵੇਗਾ। ਸਾਰੀਆਂ 5 ਟੀਮਾਂ ਨੂੰ 28 ਸਤੰਬਰ ਤੱਕ ਆਪਣੀ ਰਿਟੇਨਸ਼ਨ ਸੂਚੀ ਸੌਂਪਣੀ ਹੋਵੇਗੀ। ਵੂਮੈਂਸ ਚੈਂਪੀਅਨਜ਼ ਟਰਾਫੀ 2027 ਨੂੰ ਧਿਆਨ 'ਚ ਰੱਖਦੇ ਹੋਏ ਡਬਲਯੂਪੀਐੱਲ ਦਾ ਆਯੋਜਨ 14 ਜਨਵਰੀ ਤੋਂ ਸ਼ੁਰੂ ਹੋ ਕੇ 7 ਫਰਵਰੀ ਤੱਕ ਖਤਮ ਕਰਨ ਦੀ ਯੋਜਨਾ ਹੈ।


author

Tarsem Singh

Content Editor

Related News