ਵਿਸ਼ਵ ਕੱਪ 2023 ’ਚ ਖੇਡਣਾ ਚਾਹੁੰਦੈ ਬੋਲਟ
Wednesday, Jan 04, 2023 - 03:38 PM (IST)
ਵੇਲਿੰਗਟਨ (ਵਾਰਤਾ)– ਨਿਊਜ਼ੀਲੈਂਡ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਭਾਰਤ ਵਿਚ ਇਸੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ 2023 ਵਿਚ ਆਪਣੇ ਦੇਸ਼ ਲਈ ਖੇਡਣ ਦਾ ਇੱਛਾ ਜ਼ਾਹਿਰ ਕੀਤੀ ਹੈ। ਬੋਲਟ ਨੇ ਕਿਹਾ, ‘‘ਮੈਂ ਇਕ ਹੋਰ ਵਾਰ ਕੋਸ਼ਿਸ਼ ਕਰਨ ਲਈ ਉੱਥੇ (ਭਾਰਤ) ਹੋਣਾ ਚਾਹੁੰਦਾ ਹਾਂ ਤੇ ਮੈਨੂੰ ਉਮੀਦ ਹੈ ਕਿ ਅਜਿਹਾ ਹੋ ਸਕੇਗਾ। ਉਹ ਅਜੇ ਵੀ ਕਾਫੀ ਦੂਰ ਹੈ।’’ ਜ਼ਿਕਰਯੋਗ ਹੈ ਕਿ ਬੋਲਟ ਨੇ ਪਰਿਵਾਰ ਦੇ ਨਾਲ ਵਧੇਰੇ ਸਮਾਂ ਬਿਤਾਉਣ ਤੇ ਘਰੇਲੂ ਟੀ-20 ਲੀਗਾਂ ਵਿਚ ਖੇਡਣ ਲਈ ਅਗਸਤ 2022 ਵਿਚ ਨਿਊਜ਼ੀਲੈਂਡ ਕ੍ਰਿਕਟ ਦੇ ਨਾਲ ਆਪਣਾ ਕਰਾਰ ਖ਼ਤਮ ਕਰ ਦਿੱਤਾ ਸੀ। ਨਵੰਬਰ 2022 ਵਿਚ ਹੋਏ ਭਾਰਤ ਦੇ ਨਿਊਜ਼ੀਲੈਂਡ ਦੌਰੇ ’ਤੇ ਬੋਲਟ ਟੀਮ ਦਾ ਹਿੱਸਾ ਨਹੀਂ ਸੀ। ਉਸ ਨੂੰ ਇਸੇ ਮਹੀਨੇ ਹੋਣ ਵਾਲੇ ਨਿਊਜ਼ੀਲੈਂਡ ਦੇ ਭਾਰਤ ਦੌਰੇ ਵਿਚੋਂ ਵੀ ਬਾਹਰ ਕਰਨ ਦਾ ਫੈਸਲਾ ਕੀਤਾ ਹੈ।
ਉਸ ਨੇ ਕਿਹਾ, ‘‘ਮੈਂ ਨਿਊਜ਼ੀਲੈਂਡ ਕ੍ਰਿਕਟ ਦੀਆਂ ਗਰਮੀਆਂ ਦੇ ਸਭ ਤੋਂ ਰੁਝੇਵੇਂ ਭਰੇ ਸਮੇਂ ਵਿਚ ਦੋ ਹੋਰ ਲੀਗਾਂ ਵਿਚ ਜਾਣ ਦਾ ਬਦਲ ਚੁਣਿਆ ਹੈ। ਮੈਂ ਸਮਝ ਸਕਦਾ ਹਾਂ ਕਿ ਮੇਰਾ ਕਰਾਰ ਵਾਪਸ ਦੇਣ ਦਾ ਫੈਸਲਾ ਦੂਜੇ ਲੋਕਾਂ ਲਈ ਦਰਵਾਜ਼ੇ ਖੋਲ੍ਹ ਦੇਵੇਗਾ।’’ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 2019 ਦੇ ਰੋਮਾਂਚਕ ਫਾਈਨਲ ਵਿਚ ਇੰਗਲੈਂਡ ਹੱਥੋਂ ਸੁਪਰ ਓਵਰ ਵਿਚ ਬਾਊਂਡਰੀਆਂ ਦੇ ਆਧਾਰ ’ਤੇ ਹਾਰ ਮਿਲੀ ਸੀ। ਇਸ ਤੋਂ ਬਾਅਦ ਹਾਲਾਂਕਿ ਨਿਊਜ਼ੀਲੈਂਡ ਨੇ ਕ੍ਰਿਕਟ ਵਿਚ ਤੇ ਖਾਸ ਤੌਰ ’ਤੇ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਲੈਕ ਕੈਪਸ ਪਿਛਲੇ ਤਿੰਨ ਸਾਲਾਂ ਵਿਚ ਦੋ ਫਾਈਨਲ ਤੇ ਇਕ ਸੈਮੀਫਾਈਨਲ ਖੇਡਣ ਤੋਂ ਇਲਾਵਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਵੀ ਜਿੱਤ ਚੁੱਕੇ ਹਨ।