ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ
Tuesday, Jul 12, 2022 - 10:37 AM (IST)
ਲੁਧਿਆਣਾ/ਚੰਡੀਗੜ੍ਹ (ਜ. ਬ./ਭਾਸ਼ਾ)- ਸਾਬਕਾ WWE ਪਹਿਲਵਾਨ ਦਲੀਪ ਸਿੰਘ ਰਾਣਾ ਉਰਫ਼ ਗ੍ਰੇਟ ਖਲੀ 'ਤੇ ਲੁਧਿਆਣਾ 'ਚ ਬਹਿਸ ਤੋਂ ਬਾਅਦ ਇੱਕ ਟੋਲ ਮੁਲਾਜ਼ਮ ਨੂੰ ਥੱਪੜ ਮਾਰਨ ਦਾ ਦੋਸ਼ ਲੱਗਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਰਾਣਾ ਨੂੰ ਟੋਲ ਮੁਲਾਜ਼ਮਾਂ ਨਾਲ ਬਹਿਸ ਕਰਦੇ ਸੁਣਿਆ ਜਾ ਸਕਦਾ ਹੈ। ਹਾਲਾਂਕਿ, ਇਸ ਕਲਿੱਪ ਵਿੱਚ ਸਾਬਕਾ ਪਹਿਲਵਾਨ ਟੋਲ ਮੁਲਾਜ਼ਮ ਨੂੰ ਥੱਪੜ ਮਾਰਦੇ ਨਜ਼ਰ ਨਹੀਂ ਆ ਰਹੇ ਹਨ। ਇਸ ਦੌਰਾਨ ਰਾਣਾ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਸਟਾਫ਼ 'ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਦੋਸ਼ ਲਾਇਆ। ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਉਦੋਂ ਵਾਪਰੀ, ਜਦੋਂ ਰਾਣਾ ਪੰਜਾਬ ਦੇ ਜਲੰਧਰ ਤੋਂ ਹਰਿਆਣਾ ਦੇ ਕਰਨਾਲ ਜਾ ਰਹੇ ਸਨ। ਲਾਡੋਵਾਲ ਥਾਣੇ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਸੇ ਵੀ ਪੱਖ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਵੀਡੀਓ ਵਿੱਚ, ਇੱਕ ਟੋਲ ਪਲਾਜ਼ਾ ਮੁਲਾਜ਼ਮ ਨੂੰ ਸਾਬਕਾ ਪਹਿਲਵਾਨ ਨੂੰ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ ਕਿ ਜਦੋਂ ਉਸ ਦੇ ਇੱਕ ਸਾਥੀ ਨੇ ਉਨ੍ਹਾਂ ਤੋਂ ਪਛਾਣ ਪੱਤਰ ਮੰਗਿਆ ਤਾਂ ਉਨ੍ਹਾਂ ਨੇ ਉਸ ਨੂੰ ਥੱਪੜ ਕਿਉਂ ਮਾਰਿਆ। ਟੋਲ ਕਰਮਚਾਰੀ ਨੇ ਰਾਣਾ ਨੂੰ ਕਿਹਾ, ''ਤੁਹਾਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਗਿਆ ਸੀ, ਪਛਾਣ ਪੱਤਰ ਦਿਖਾਓ।'' ਇਸ 'ਤੇ ਰਾਣਾ ਨੇ ਕਿਹਾ,''ਤੁਸੀਂ ਮੈਨੂੰ ਬਲੈਕਮੇਲ ਕਰ ਰਹੇ ਹੋ।'' ਤਾਂ ਟੋਲ ਮੁਲਾਜ਼ਮ ਨੇ ਕਿਹਾ,''ਅਸੀਂ ਤੁਹਾਨੂੰ ਬਲੈਕਮੇਲ ਨਹੀਂ ਕਰ ਰਹੇ। ਤੁਸੀਂ ਉਸ ਨੂੰ ਥੱਪੜ ਕਿਉਂ ਮਾਰਿਆ? ਜੇ ਤੁਹਾਡੇ ਕੋਲ ਪਛਾਣ ਪੱਤਰ ਹੈ ਤਾਂ ਦਿਖਾਓ।'' ਰਾਣਾ ਨੇ ਕਿਹਾ, ''ਮੇਰੇ ਕੋਲ ਪਛਾਣ ਪੱਤਰ ਨਹੀਂ ਹੈ।'' ਇਸ ਦੌਰਾਨ ਰਾਣਾ ਦੀ ਗੱਡੀ ਨੂੰ ਉਥੋਂ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤਾ ਗਿਆ। ਫਿਰ ਖਲੀ ਆਪਣੀ ਕਾਰ ਤੋਂ ਬਾਹਰ ਆਏ ਅਤੇ ਬੈਰੀਕੇਡ ਨੂੰ ਇਕ ਪਾਸੇ ਕਰ ਦਿੱਤਾ ਅਤੇ ਟੋਲ ਮੁਲਾਜ਼ਮ ਦੀ ਉਸ ਨੂੰ ਰੋਕਣ ਦੀ ਕੋਸ਼ਿਸ਼ ਬੇਕਾਰ ਗਈ। ਫਿਰ ਇੱਕ ਪੁਲਸ ਅਧਿਕਾਰੀ ਨੇ ਦਖ਼ਲ ਦਿੱਤਾ। ਕਲਿੱਪ ਵਿੱਚ ਦੋਵੇਂ ਧਿਰਾਂ ਆਪੋ-ਆਪਣੇ ਦਾਅਵੇ ਕਰਦੀਆਂ ਸੁਣੀਆਂ ਜਾ ਸਕਦੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।